ਨਿਊ ਯਾਰਕ-ਭਾਰਤ ਦੇ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਤੇ ਯੂਐੱਨ ਜਨਰਲ ਅਸੈਂਬਲੀ ਦੇ ਨਵੇਂ ਪ੍ਰਧਾਨ ਫਿਲੇਮੋਨ ਯੈਂਗ ਨੂੰ ਵੱਖੋ-ਵੱਖਰੇ ਤੌਰ ’ਤੇ ਮਿਲੇ ਤੇ ਇਸ ਦੌਰਾਨ ਉਨ੍ਹਾਂ ਪੱਛਮੀ ਏਸ਼ੀਆ ਤੇ ਯੂਕਰੇਨ ਵਿਚ ਟਰਕਾਅ ਜਿਹੇ ਆਲਮੀ ਮੁੱਦਿਆਂ ’ਤੇ ਵਿਚਾਰ ਚਰਚਾ ਕੀਤੀ।
ਜੈਸ਼ੰਕਰ ਨੇ ਯੈਂਗ ਦੇ ‘ਅਨੇਕਤਾ ਵਿਚ ਏਕਤਾ’, ‘ਸ਼ਾਂਤੀ’ ਤੇ ‘ਮਾਨਵਤਾ ਦੀ ਮਜ਼ਬੂਤੀ’ ਬਾਰੇ ਦ੍ਰਿਸ਼ਟੀਕੋਣ ਦੀ ਹਮਾਇਤ ਕੀਤੀ। ਜੈਸ਼ੰਕਰ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੇ 79ਵੇਂ ਇਜਲਾਸ ਲਈ ਅਮਰੀਕਾ ਵਿਚ ਹਨ। ਉਨ੍ਹਾਂ ਸੰਯੁਕਤ ਰਾਸ਼ਟਰ ਮਹਾਸਭਾ ਤੋਂ ਇਕ ਪਾਸੇ ਇਹ ਬੈਠਕਾਂ ਕੀਤੀਆਂ।
ਜੈਸ਼ੰਕਰ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘ਯੂਐੱਨ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨਾਲ ਗੱਲਬਾਤ ਕਰਕੇ ਹਮੇਸ਼ਾ ਖੁਸ਼ੀ ਹੁੰਦੀ ਹੈ। ਭਵਿੱਖ ਬਾਰੇ ਕਰਾਰ, ਬਹੁਪੱਖੀ ਸੁਧਾਰ, ਮਸਨੂਈ ਬੌਧਿਕਤਾ, ਵਾਤਾਵਰਨ ਤਬਦੀਲੀ, ਪੱਛਮੀ ਏਸ਼ੀਆ ਤੇ ਯੂਕਰੇਨ ਬਾਰੇ ਚਰਚਾ ਹੋਈ।’
ਜੈਸ਼ੰਕਰ ਨੇ ਇਕ ਵੱਖਰੀ ਪੋਸਟ ਵਿਚ ਕਿਹਾ, ‘ਨਿਊ ਯਾਰਕ ਵਿਚ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੇ ਨਵੇਂ ਪ੍ਰਧਾਨ ਯੈਂਗ ਨੂੰ ਵੀ ਮਿਲਿਆ। ਉਨ੍ਹਾਂ ਨੂੰ ‘ਅਨੇਕਤਾ ਵਿਚ ਏਕਤਾ’, ਸ਼ਾਂਤੀ, ਮਾਨਵਤਾ ਦੀ ਮਜ਼ਬੂਤੀ ਤੇ ਹਰ ਜਗ੍ਹਾ ਹਰ ਕਿਸੇ ਲਈ ਮਾਣ ਵਾਲੇ ਦ੍ਰਿਸ਼ਟੀਕੋਣ ਲਈ ਭਾਰਤ ਵੱਲੋਂ ਹਰ ਸੰਭਵ ਹਮਾਇਤ ਦਾ ਭਰੋਸਾ ਦਿੱਤਾ।’ ਯੈਂਗ ਨੇ ਵੀ ਜੈਸ਼ੰਕਰ ਨਾਲ ਬੈਠਕ ਉਪਰੰਤ ਐਕਸ ’ਤੇ ਇਕ ਸੁਨੇਹੇ ਵਿਚ ਆਲਮੀ ਦੱਖਣ ਦੇ ਹਿੱਤਾਂ ਦੇ ਪ੍ਰਚਾਰ ਪਾਸਾਰ ਲਈ ਭਾਰਤ ਦੀ ਭੂਮਿਕਾ ਦੀ ਤਾਰੀਫ਼ ਕੀਤੀ।