ਨਵੀਂ ਦਿੱਲੀ-2024-25 ਲਈ ਵੱਖ ਵੱਖ ਵਿਭਾਗਾਂ ਨਾਲ ਸਬੰਧਤ ਸੰਸਦੀ ਸਥਾਈ ਕਮੇਟੀਆਂ ਬਣਾ ਦਿੱਤੀਆਂ ਗਈਆਂ ਹਨ। ਕਾਂਗਰਸੀ ਸੰਸਦ ਮੈਂਬਰ ਵਿਦੇਸ਼ ਮਾਮਲਿਆਂ ਬਾਰੇ ਕਮੇਟੀ ਸਣੇ ਚਾਰ ਕਮੇਟੀਆਂ ਦੀ ਪ੍ਰਧਾਨਗੀ ਕਰਨਗੇ। ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ ਰੱਖਿਆ ਵਿਭਾਗ ਸਬੰਧੀ ਸਥਾਈ ਕਮੇਟੀ ਵਿੱਚ ਮੈਂਬਰ ਲਿਆ ਗਿਆ ਹੈ। ਹਰੇਕ ਕਮੇਟੀ ਵਿੱਚ ਰਾਜ ਸਭਾ ਅਤੇ ਲੋਕ ਸਭਾ ਦੇ ਮੈਂਬਰ ਸ਼ਾਮਲ ਹਨ। ਕਾਂਗਰਸ ਨੂੰ ਚਾਰ ਪ੍ਰਮੁੱਖ ਕਮੇਟੀਆਂ ਦੀ ਪ੍ਰਧਾਨਗੀ ਦਿੱਤੀ ਗਈ ਹੈ, ਜਿਨ੍ਹਾਂ ਵਿੱਚ ਸਿੱਖਿਆ, ਮਹਿਲਾਵਾਂ, ਬੱਚੇ, ਨੌਜਵਾਨ ਤੇ ਖੇਡ ਸਬੰਧੀ ਕਮੇਟੀ ਦੀ ਪ੍ਰਧਾਨਗੀ ਦਿਗਵਿਜੈ ਸਿੰਘ ਕਰਨਗੇ। ਖੇਤੀ, ਪਸ਼ੂ ਪਾਲਣ ਅਤੇ ਫੂਡ ਪ੍ਰੋਸੈਸਿੰਗ ਸਬੰਧੀ ਕਮੇਟੀ ਦੀ ਪ੍ਰਧਾਨਗੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਰਨਗੇ। ਪੇਂਡੂ ਤੇ ਪੰਚਾਇਤੀ ਰਾਜ ਸਬੰਧੀ ਕਮੇਟੀ ਦੀ ਅਗਵਾਈ ਸਪਤਗਿਰੀ ਸ਼ੰਕਰ ਉਲਾਕਾ ਅਤੇ ਵਿਦੇਸ਼ ਮਾਮਲਿਆਂ ਬਾਰੇ ਕਮੇਟੀ ਦੀ ਪ੍ਰਧਾਨਗੀ ਸ਼ਸ਼ੀ ਥਰੂਰ ਕਰਨਗੇ। ਭਾਜਪਾ ਦੇ ਰਾਧਾ ਮੋਹਨ ਸਿੰਘ ਰੱਖਿਆ ਸਬੰਧੀ ਕਮੇਟੀ ਦੀ ਪ੍ਰਧਾਨਗੀ ਕਰਨਗੇ, ਜਿਸ ਵਿੱਚ ਕਾਂਗਰਸੀ ਆਗੂ ਰਾਹੁਲ ਗਾਂਧੀ ਨੂੰ ਮੈਂਬਰ ਲਿਆ ਗਿਆ ਹੈ। ਭਰਤਰੂਹਰੀ ਮਹਿਤਾਬ ਵਿੱਤ ਸਬੰਧੀ ਕਮੇਟੀ, ਸਾਬਕਾ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਤੇ ਰਾਜੀਵ ਪ੍ਰਤਾਵ ਰੂਡੀ ਨੂੰ ਕ੍ਰਮਵਾਰ ਕੋਲਾ, ਖਣਨ ਤੇ ਸਟੀਲ ਅਤੇ ਜਲ ਸਰੋਤ
ਵਿਭਾਗਾਂ ਬਾਰੇ ਕਮੇਟੀਆਂ ਦੀ ਪ੍ਰਧਾਨਗੀ ਦਿੱਤੀ ਗਈ ਹੈ।