ਚੰਡੀਗੜ੍ਹ : ਕਾਂਗਰਸ ਨੇ ਸ਼ਨਿਚਰਵਾਰ ਨੂੰ ਹਰਿਆਣਾ ਵਿਧਾਨ ਸਭਾ ਚੋਣਾਂ (Haryana Assembly Election 2024) ਨੂੰ ਲੈ ਕੇ ਚੋਣ ਮੈਨੀਫੈਸਟੋ (Congress Manifesto) ਜਾਰੀ ਕਰ ਦਿੱਤਾ ਹੈ। ਸੱਤ ਗਾਰੰਟੀਆਂ ਸਮੇਤ ਕਾਂਗਰਸ ਨੇ ਜਨਤਾ ਨਾਲ ਕਈ ਵਾਅਦੇ ਕੀਤੇ ਹਨ। 40 ਪੰਨਿਆਂ ਦੇ ਮੈਨੀਫੈਸਟੋ ‘ਚ ਔਰਤਾਂ ਨੂੰ 25 ਲੱਖ ਰੁਪਏ ਤਕ ਦੇ ਮੁਫਤ ਇਲਾਜ ਤੇ 2000 ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਕੀਤਾ ਗਿਆ ਹੈ।
ਸਤਲੁਜ-ਯਮੁਨਾ ਲਿੰਕ (SYL) ਨਹਿਰ ਤੋਂ ਪਾਣੀ ਦਿਵਾਉਣ ਦਾ ਵੀ ਵਾਅਦਾ ਕੀਤਾ ਗਿਆ ਹੈ। ਕਾਂਗਰਸ ਨੇ ਕਿਸਾਨ ਅੰਦੋਲਨ ਦੌਰਾਨ ਮਾਰੇ ਗਏ 700 ਤੋਂ ਵੱਧ ਕਿਸਾਨਾਂ ਦੇ ਪਰਿਵਾਰ ਦੇ ਹਰ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਵਾਅਦਾ ਕੀਤਾ ਹੈ।
ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦਾ ਵੀ ਵਾਅਦਾ ਕੀਤਾ ਗਿਆ ਹੈ। ਹਿਮਾਚਲ ਪ੍ਰਦੇਸ਼ ‘ਚ ਆਪਣੀ ਸਰਕਾਰ ਦੇ ਪੈਟਰਨ ਨੂੰ ਦੁਹਰਾਉਂਦੇ ਹੋਏ ਕਾਂਗਰਸ ਨੇ ਇਸ ਮਹੀਨੇ ਦੇ ਸ਼ੁਰੂ ‘ਚ ਐਲਾਨ ਕੀਤਾ ਸੀ ਕਿ ਜੇਕਰ ਉਹ ਹਰਿਆਣਾ ‘ਚ ਸੱਤਾ ‘ਚ ਆਉਂਦੀ ਹੈ ਤਾਂ ਉਹ ਸੱਤ ਗਾਰੰਟੀਆਂ ਨੂੰ ਪੂਰਾ ਕਰੇਗੀ।
ਇਸ ਤੋਂ ਇਲਾਵਾ ਬਜ਼ੁਰਗਾਂ, ਅੰਗਹੀਣਾਂ ਤੇ ਵਿਧਵਾਵਾਂ ਦੀ ਮਾਸਿਕ ਸਮਾਜਿਕ ਸੁਰੱਖਿਆ ਪੈਨਸ਼ਨ ਵਧਾ ਕੇ 6000 ਰੁਪਏ ਕੀਤੀ ਜਾਵੇਗੀ। ਇਸ ਦੇ ਨਾਲ ਹੀ ਗੈਸ ਸਿਲੰਡਰ 500 ਰੁਪਏ ‘ਚ ਉਪਲਬਧ ਕਰਵਾਇਆ ਜਾਵੇਗਾ। ਪਾਰਟੀ ਨੇ ਹਰ ਘਰ ਹਰ ਮਹੀਨੇ 300 ਯੂਨਿਟ ਮੁਫਤ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ। ਕਾਂਗਰਸ ਸਰਕਾਰ ਰਾਜਸਥਾਨ ਵਾਂਗ ਸੂਬੇ ਦੇ ਹਰ ਵਿਅਕਤੀ ਨੂੰ 25 ਲੱਖ ਰੁਪਏ ਦਾ ਸਿਹਤ ਬੀਮਾ ਕਵਰੇਜ ਮੁਹੱਈਆ ਕਰਵਾਏਗੀ।
ਸੁਪਰਵਾਈਜ਼ਰ ਅਸ਼ੋਕ ਗਹਿਲੋਤ ਨੇ ਦੱਸਿਆ ਕਿ ਮੈਂ ਕੱਲ੍ਹ ਪੱਤਰਕਾਰਾਂ ਨਾਲ ਗੱਲਬਾਤ ਕਰ ਰਿਹਾ ਸੀ। ਉਦੋਂ ਇਕ ਮੁੱਦਾ ਉੱਠਿਆ ਸੀ ਕਿ ਕਾਂਗਰਸ ਸਰਕਾਰ ਨੇ ਰਾਜਸਥਾਨ ‘ਚ ਪੱਤਰਕਾਰਾਂ ਲਈ ਕਈ ਸਹੂਲਤਾਂ ਤੈਅ ਕੀਤੀਆਂ ਹਨ। ਪਰ ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਹਰਿਆਣਾ ‘ਚ ਪੱਤਰਕਾਰਾਂ ਲਈ ਕੈਸ਼ਲੈੱਸ ਸਿਹਤ ਸਹੂਲਤ ਤੇ ਪੈਨਸ਼ਨ ‘ਚ ਵਾਧੇ ਦਾ ਮੁੱਦਾ ਵੀ ਸ਼ਾਮਲ ਹੈ। ਸਾਡਾ ਮੈਨੀਫੈਸਟੋ ਬੇਮਿਸਾਲ ਹੈ ਤੇ ਹਰ ਕੋਈ ਜਾਣਦਾ ਹੈ ਕਿ ਕਾਂਗਰਸ ਜੋ ਵੀ ਕਹਿੰਦੀ ਹੈ, ਉਹ ਕਰਦੀ ਹੈ।
ਭੂਪੇਂਦਰ ਹੁੱਡਾ ਨੇ ਕਿਹਾ ਕਿ ਸਾਡਾ ਮੈਨੀਫੈਸਟੋ ਬਹੁਤ ਮਿਹਨਤ ਨਾਲ ਬਣਾਇਆ ਗਿਆ ਹੈ। ਮੈਨੀਫੈਸਟੋ ਕਮੇਟੀ ਦੀ ਚੇਅਰਪਰਸਨ ਗੀਤਾ ਭੁੱਕਲ ਜੀ ਸਮੇਤ ਸਾਰੇ ਸਾਥੀਆਂ ਨੂੰ ਵਧਾਈ ਦਿੰਦਾ ਹਾਂ। ਅਸੀਂ ਮੈਨੀਫੈਸਟੋ ਬਣਾਉਣ ਸਮੇਂ ਬਹੁਤ ਸਾਰੀਆਂ ਗੱਲਾਂ ਨੂੰ ਧਿਆਨ ‘ਚ ਰੱਖਿਆ ਹੈ ਅਤੇ ਮੈਂ ਇਸ ਲਈ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਇਸ ਵਿਸ਼ੇਸ਼ ਮੌਕੇ ‘ਤੇ ਹਰਿਆਣਾ ਕਾਂਗਰਸ ਦੇ ਸੂਬਾ ਪ੍ਰਧਾਨ ਉਦੈਭਾਨ, ਅਸ਼ੋਕ ਗਹਿਲੋਤ, ਭੂਪੇਂਦਰ ਹੁੱਡਾ ਸਮੇਤ ਕਈ ਸੀਨੀਅਰ ਨੇਤਾ ਮੌਜੂਦ ਸਨ।