ਪੰਜਾਬੀ ਗਾਇਕ ਐਮੀ ਵਿਰਕ ਨੂੰ ਅੱਜ ਕਿਸੇ ਪਛਾਣ ਦੀ ਲੋੜ ਨਹੀਂ ਹੈ। ਉਨ੍ਹਾਂ ਨੇ ਆਪਣੇ ਗੀਤਾਂ ਅਤੇ ਦਮਦਾਰ ਅਦਾਕਾਰੀ ਦੇ ਦਮ ‘ਤੇ ਲੋਕਾਂ ਦਾ ਦਿਲ ਜਿੱਤਿਆ ਹੈ। ਪਿਛਲੇ ਕੁਝ ਸਮਾਂ ਪਹਿਲਾਂ ਉਹ ਆਪਣੀ ਫਿਲਮ ਬੈਡ ਨਿਊਜ਼ ਨੂੰ ਲੈ ਕੇ ਚਰਚਾ ਵਿਚ ਸਨ। ਉਹ ਇਸ ਫਿਲਮ ਵਿੱਚ ਵਿੱਕੀ ਕੌਸ਼ਲ ਅਤੇ ਤ੍ਰਿਪਤੀ ਡਿਮਰੀ ਨਾਲ ਨਜ਼ਰ ਆਏ ਸਨ।
ਇਸ ਦੌਰਾਨ ਉਨ੍ਹਾਂ ਦਾ ਇੱਕ ਇੰਟਰਵਿਊ ਵਾਈਰਲ ਹੋ ਰਿਹਾ ਹੈ, ਜਿਸ ਵਿੱਚ ਉਹ ਮਸ਼ਹੂਰ ਗਾਇਕ ਗੁਰਦਾਸ ਮਾਨ ਬਾਰੇ ਗੱਲ ਕਰਦੇ ਨਜ਼ਰ ਆ ਰਹੇ ਹਨ। ਇਸਦੇ ਨਾਲ ਹੀ ਉਨ੍ਹਾਂ ਨੇ ਗੁਰਦਾਸ ਮਾਨ ਤੋਂ ਮਾਫੀ ਵੀ ਮੰਗੀ ਹੈ।
ਦਰਸਅਲ ਸ਼ੋਅ ਦੇ ਹੋਸਟ ਨੇ ਜਦੋਂ ਉਨ੍ਹਾਂ ਤੋਂ ਕਿਹਾ ਕਿ ਮਾਨ ਸਾਹਬ ਨੇ ਗੱਲਾਂ-ਗੱਲਾਂ ਵਿੱਚ ਦੁੱਖ ਜ਼ਾਹਰ ਕੀਤਾ ਸੀ ਕਿ ਇਸ ਚੀਜ਼ ਦਾ ਮੈਨੂੰ ਅਫਸੋਸ ਹੈ ਕਿ ਜਦੋਂ ਮੇਰੇ ਉੱਤੇ ਬੁਰਾ ਸਮਾਂ ਆਇਆ ਅਤੇ ਬਿਨਾਂ ਗੱਲ ਤੋਂ ਮੁੱਦੇ ਬਣੇ ਤਾਂ ਉਸ ਸਮੇਂ ਮੇਰੇ ਨਾਲ ਕੋਈ ਨਹੀਂ ਸੀ। ਜਿਸ ਬੰਦੇ ਨੇ ਆਪਣੀ ਪੂਰੀ ਜ਼ਿੰਦਗੀ ਪੰਜਾਬੀਆਂ ਨੂੰ ਦੇ ਦਿੱਤੀ, ਉਸ ਸਮੇਂ ਇੰਡਸਟਰੀ ਦਾ ਕੋਈ ਬੰਦਾ ਮੇਰੇ ਨਾਲ ਨਹੀਂ ਸੀ।
ਇਸ ਗੱਲ ਦਾ ਜਵਾਬ ਦਿੰਦੇ ਹੋਏ ਅਦਾਕਾਰ ਐਮੀ ਵਿਰਕ ਨੇ ਕਿਹਾ ਕਿ ਇਹ ਸਾਡੇ ਸਾਰੀਆਂ ਦੀ ਗਲਤੀ ਹੈ। ਉਨ੍ਹਾਂ ਨੇ ਆਪਣੀ ਗਲਤੀ ਮੰਨਦੇ ਹੋਏ ਕਿਹਾ ਕਿ ਮੇਰੀ ਵੀ ਇਹ ਗਲਤੀ ਹੈ ਕਿ ਮੈਂ ਉਨ੍ਹਾਂ ਦੇ ਹੱਕ ਦੇ ਵਿੱਚ ਨਹੀਂ ਖੜ੍ਹੀਆ। ਮੈਂ ਮਾਨ ਸਾਹਬ ਤੋਂ ਹੱਥ ਜੋੜ੍ਹ ਕੇ ਮਾਫੀ ਮੰਗਦਾ ਹਾਂ। ਮੈਨੂੰ ਲੱਗਦਾ ਹੈ ਕਿ ਉਸ ਸਮੇਂ ਇੰਡਸਟਰੀ ਨੂੰ ਖੜ੍ਹਨਾ ਚਾਹੀਦਾ ਸੀ।
ਤੁਹਾਨੂੰ ਦੱਸ ਦੇਈਏ ਕਿ ਬੈਡ ਨਿਊਜ਼ ਫਿਲਮ 19 ਜੁਲਾਈ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਈ ਸੀ। ਫਿਲਮ ਨੇ ਦੇਸ਼ ਭਰ ਵਿੱਚ 64.51 ਕਰੋੜ ਰੁਪਏ ਕਮਾਏ ਅਤੇ ਦੁਨੀਆ ਭਰ ਵਿੱਚ 113.75 ਕਰੋੜ ਰੁਪਏ ਇਕੱਠੇ ਕੀਤੇ। ਇਸ ਫਿਲਮ ‘ਚ ਵਿੱਕੀ ਕੌਸ਼ਲ, ਤ੍ਰਿਪਤੀ ਡਿਮਰੀ ਅਤੇ ਐਮੀ ਵਿਰਕ ਤੋਂ ਇਲਾਵਾ ਨੇਹਾ ਧੂਪੀਆ, ਸ਼ੀਬਾ ਚੱਢਾ, ਨੇਹਾ ਸ਼ਰਮਾ, ਵਿਜੇਲਕਸ਼ਮੀ ਸਿੰਘ ਅਤੇ ਫੈਜ਼ਲ ਰਾਸ਼ਿਦ ਵੀ ਅਹਿਮ ਭੂਮਿਕਾਵਾਂ ‘ਚ ਸਨ।