ਨਵੀਂ ਦਿੱਲੀ-ਰਾਸ਼ਟਰੀ ਡੋਪਿੰਗ ਰੋਕੂ ਏਜੰਸੀ (ਨਾਡਾ) ਨੇ ਬੁੱਧਵਾਰ ਨੂੰ ਪਹਿਲਵਾਨ ਵਿਨੇਸ਼ ਫੋਗਾਟ ਨੂੰ ਉਸ ਦੇ ਰਹਿਣ ਦੀ ਜਗ੍ਹਾ ਬਾਰੇ ਜਾਣਕਾਰੀ ਦੇਣ ਵਿੱਚ ਅਸਫਲ ਰਹਿਣ ਲਈ ਨੋਟਿਸ ਭੇਜ ਕੇ 14 ਦਿਨਾਂ ਵਿੱਚ ਜਵਾਬ ਮੰਗਿਆ ਹੈ। ਨਾਡਾ ਦੇ ਰਜਿਸਟਰਡ ਟੈਸਟਿੰਗ ਪੂਲ (ਆਰਟੀਪੀ) ਵਿੱਚ ਰਜਿਸਟਰਡ ਸਾਰੇ ਖਿਡਾਰੀਆਂ ਨੂੰ ਡੋਪ ਟੈਸਟ ਲਈ ਆਪਣੀ ਉਪਲਬਧਤਾ ਬਾਰੇ ਸੂਚਿਤ ਕਰਨਾ ਜ਼ਰੂਰੀ ਹੈ ਅਤੇ ਵਿਨੇਸ਼ ਵੀ ਇਨ੍ਹਾਂ ਖਿਡਾਰੀਆਂ ਵਿੱਚ ਸ਼ਾਮਲ ਹੈ।
ਵਰਨਣਯੋਗ ਹੈ ਕਿ ਜੇਕਰ ਖਿਡਾਰੀ ਉਸ ਸਥਾਨ ‘ਤੇ ਉਪਲਬਧ ਨਹੀਂ ਹੈ ਜਿਸ ਲਈ ਉਸ ਨੇ ਜਾਣਕਾਰੀ ਦਿੱਤੀ ਹੈ, ਤਾਂ ਉਸ ਦੇ ਟਿਕਾਣੇ ਬਾਰੇ ਜਾਣਕਾਰੀ ਦੇਣ ਵਿਚ ਅਸਫਲਤਾ ਮੰਨਿਆ ਜਾਂਦਾ ਹੈ। ਆਪਣੇ ਨੋਟਿਸ ਵਿੱਚ, ਨਾਡਾ ਨੇ ਵਿਨੇਸ਼ ਨੂੰ ਕਿਹਾ ਕਿ ਉਸਨੇ ਆਪਣੇ ਰਹਿਣ ਦੇ ਸਥਾਨ ਬਾਰੇ ਜਾਣਕਾਰੀ ਨਾ ਦੇਣ ਵਿੱਚ ਗਲਤੀ ਕੀਤੀ ਹੈ ਕਿਉਂਕਿ ਉਹ 9 ਸਤੰਬਰ ਨੂੰ ਸੋਨੀਪਤ ਦੇ ਖਰਖੋਦਾ ਪਿੰਡ ਵਿੱਚ ਆਪਣੇ ਘਰ ਵਿੱਚ ਡੋਪ ਟੈਸਟ ਲਈ ਉਪਲਬਧ ਨਹੀਂ ਸੀ।
ਪੈਰਿਸ ਓਲੰਪਿਕ ‘ਚ ਹੱਥ ਲੱਗੀ ਸੀ ਨਿਰਾਸ਼ਾ
ਵਿਨੇਸ਼ ਨੇ ਪੈਰਿਸ ਓਲੰਪਿਕ ‘ਚ ਫਾਈਨਲ ‘ਚ ਜਗ੍ਹਾ ਬਣਾਉਣ ਦੇ ਬਾਵਜੂਦ ਜ਼ਿਆਦਾ ਭਾਰ ਹੋਣ ਕਾਰਨ ਤਮਗਾ ਨਾ ਮਿਲਣ ਦੀ ਨਿਰਾਸ਼ਾ ਤੋਂ ਬਾਅਦ ਖੇਡ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ। ਵਿਨੇਸ਼ ਅਤੇ ਉਸਦੇ ਸਾਥੀ ਪਹਿਲਵਾਨ ਬਜਰੰਗ ਪੂਨੀਆ ਹਾਲ ਹੀ ਵਿੱਚ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਹਨ ਅਤੇ ਜੁਲਾਨਾ ਹਲਕੇ ਤੋਂ ਆਉਣ ਵਾਲੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਲੜ ਰਹੇ ਹਨ।
ਨੋਟਿਸ ਵਿੱਚ ਦਿੱਤੀ ਗਈ ਜਾਣਕਾਰੀ
ਨੋਟਿਸ ਵਿੱਚ ਕਿਹਾ ਗਿਆ ਹੈ ਕਿ ਤੁਹਾਨੂੰ ਇੱਕ ਰਸਮੀ ਨੋਟਿਸ ਦਿੱਤਾ ਜਾਂਦਾ ਹੈ ਜਿਸ ਵਿੱਚ ਤੁਹਾਨੂੰ ਡੋਪਿੰਗ ਵਿਰੋਧੀ ਨਿਯਮਾਂ ਦੇ ਤਹਿਤ ਰਿਹਾਇਸ਼ੀ ਜਾਣਕਾਰੀ ਦੀਆਂ ਜ਼ਰੂਰਤਾਂ ਦੀ ਪਾਲਣਾ ਕਰਨ ਵਿੱਚ ਤੁਹਾਡੀ ਸਪੱਸ਼ਟ ਅਸਫਲਤਾ ਬਾਰੇ ਸੂਚਿਤ ਕੀਤਾ ਜਾਂਦਾ ਹੈ। ਇਸ ਮਾਮਲੇ ‘ਤੇ ਅੰਤਿਮ ਫੈਸਲਾ ਲੈਣ ਤੋਂ ਪਹਿਲਾਂ ਤੁਹਾਨੂੰ ਇਸ ਬਾਰੇ ਸਪੱਸ਼ਟੀਕਰਨ ਦੇਣ ਲਈ ਕਿਹਾ ਜਾਂਦਾ ਹੈ। ਡੋਪ ਕੰਟਰੋਲ ਅਫਸਰ ਨੂੰ ਮੌਕੇ ‘ਤੇ ਭੇਜਿਆ ਗਿਆ ਪਰ ਆਪ ਉਥੇ ਮੌਜੂਦ ਨਹੀਂ ਸਨ। ਵਿਨੇਸ਼ ਨੂੰ ਜਾਂ ਤਾਂ ਉਲੰਘਣਾ ਸਵੀਕਾਰ ਕਰਨੀ ਪਵੇਗੀ ਜਾਂ ਸਬੂਤ ਦੇਣਾ ਹੋਵੇਗਾ ਕਿ ਉਹ ਲਗਭਗ 60 ਮਿੰਟ ਤੱਕ ਉਸ ਸਥਾਨ ‘ਤੇ ਮੌਜੂਦ ਸੀ।