ਸੰਯੁਕਤ ਰਾਸ਼ਟਰ-ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਨੇ ਭਾਰਤ ਸਣੇ ਹੋਰ ਮੁਲਕਾਂ ਨੂੰ ਸ਼ਾਂਤੀ ਪ੍ਰਕਿਰਿਆ ’ਚ ਸ਼ਾਮਲ ਹੋਣ ਦਾ ਸੱਦਾ ਦਿੰਦਿਆਂ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਨੂੰ ਕਿਹਾ ਕਿ ਰੂਸ-ਯੂਕਰੇਨ ਜੰਗ ਦੇ ਮੁਕੰਮਲ ਖ਼ਾਤਮੇ ਲਈ ਸਾਰਿਆਂ ਨੂੰ ਦੂਜੇ ਸ਼ਾਂਤੀ ਸਿਖ਼ਰ ਸੰਮੇਲਨ ਲਈ ਤਿਆਰ ਰਹਿਣਾ ਹੋਵੇਗਾ। ਜ਼ੇਲੈਂਸਕੀ ਨੇ ਯੂਕਰੇਨ ਜੰਗ ਬਾਰੇ ਸਲਾਮਤੀ ਕੌਂਸਲ ਦੀ ਮੀਟਿੰਗ ’ਚ ਮੰਗਲਵਾਰ ਨੂੰ ਕਿਹਾ, ‘ਜੇ ਅਸੀਂ ਇਮਾਨਦਾਰੀ ਨਾਲ ਹਾਲਾਤ ਦੇਖੀਏ ਅਤੇ ਰੂਸ ਦੀ ਜੰਗ ਨੂੰ ਰੋਕਣਾ ਚਾਹੁੰਦੇ ਹਾਂ ਤਾਂ ਅਸੀਂ ਸਾਰੇ ਜਾਣਦੇ ਹਾਂ ਕੀ ਕਰਨ ਦੀ ਲੋੜ ਹੈ। ਸਭ ਤੋਂ ਅਹਿਮ ਗੱਲ ਇਹ ਹੈ ਕਿ ਦੁਨੀਆ ਨੂੰ ਧੜੇਬੰਦੀ ਜਾਂ ਖੇਤਰੀ ਗਰੁੱਪਾਂ ’ਚ ਨਵੀਂ ਅਤੇ ਗ਼ੈਰ-ਲੋੜੀਂਦੀ ਵੰਡ ਕੀਤੇ ਬਿਨਾਂ ਰਲ ਕੇ ਕੰਮ ਕਰਨਾ ਚਾਹੀਦਾ ਹੈ।’ ਉਨ੍ਹਾਂ ਕਿਹਾ ਕਿ ਏਕਤਾ ਹਮੇਸ਼ਾ ਸ਼ਾਂਤੀ ਲਈ ਕੰਮ ਕਰਦੀ ਹੈ ਅਤੇ ‘ਸਾਨੂੰ ਇਸ ਜੰਗ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਲਈ ਦੂਜੇ ਸ਼ਾਂਤੀ ਸਿਖ਼ਰ ਸੰਮੇਲਨ ਵਾਸਤੇ ਤਿਆਰ ਰਹਿਣਾ ਹੋਵੇਗਾ। ਮੈਂ ਤੁਹਾਨੂੰ ਸਾਰਿਆਂ ਨੂੰ ਇਸ ਅਮਲ ’ਚ ਸ਼ਾਮਲ ਹੋਣ ਦਾ ਸੱਦਾ ਦਿੰਦਾ ਹਾਂ ਜੋ ਸੰਯੁਕਤ ਰਾਸ਼ਟਰ ਚਾਰਟਰ ਦਾ ਸਨਮਾਨ ਕਰਦੇ ਹਨ।’ ਉਨ੍ਹਾਂ ਕਿਹਾ ਕਿ ਭਾਰਤ ਨੂੰ ਪਹਿਲਾਂ ਹੀ ਸੱਦਾ ਦਿੱਤਾ ਜਾ ਚੁੱਕਾ ਹੈ। ਜ਼ੇਲੈਂਸਕੀ ਨੇ ਸੋਮਵਾਰ ਨੂੰ ਨਿਊਯਾਰਕ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਸੀ ਅਤੇ ਇਹ ਪਿਛਲੇ ਤਿੰਨ ਮਹੀਨਿਆਂ ’ਚ ਤੀਜੀ ਮੀਟਿੰਗ ਸੀ। ਪ੍ਰਧਾਨ ਮੰਤਰੀ ਨੇ ਮੀਟਿੰਗ ਮਗਰੋਂ ਕਿਹਾ ਸੀ ਕਿ ਉਹ ਯੂਕਰੇਨ ਜੰਗ ਦਾ ਗੱਲਬਾਤ ਰਾਹੀਂ ਫੌਰੀ ਹੱਲ ਚਾਹੁੰਦੇ ਹਨ ਤਾਂ ਜੋ ਖ਼ਿੱਤੇ ’ਚ ਸ਼ਾਂਤੀ ਅਤੇ ਸਥਿਰਤਾ ਬਹਾਲ ਹੋ ਸਕੇ। –
ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਨੇ ਮਾਸਕੋ ਨਾਲ ਸ਼ਾਂਤੀ ਵਾਰਤਾ ਦੀ ਧਾਰਨਾ ਨੂੰ ਖਾਰਜ ਕਰਦਿਆਂ ਰੂਸ ਨੂੰ ਸ਼ਾਂਤੀ ਵਾਸਤੇ ਮਜਬੂਰ ਕਰਨ ਅਤੇ ਸੰਯੁਕਤ ਰਾਸ਼ਟਰ ਚਾਰਟਰ ਦੀ ਪਾਲਣਾ ਕਰਨ ਲਈ ਆਲਮੀ ਕਾਰਵਾਈ ਦਾ ਸੱਦਾ ਦਿੱਤਾ। ਸੰਯੁਕਤ ਰਾਸ਼ਟਰ ਚਾਰਟਰ ਆਖਦਾ ਹੈ ਕਿ ਹਰ ਮੁਲਕ ਨੂੰ ਹੋਰਾਂ ਦੀ ਖੁਦਮੁਖਤਿਆਰੀ ਅਤੇ ਖੇਤਰੀ ਅਖੰਡਤਾ ਦਾ ਸਨਮਾਨ ਕਰਨਾ ਚਾਹੀਦਾ ਹੈ। ਉਨ੍ਹਾਂ ਸਲਾਮਤੀ ਕੌਂਸਲ ’ਚ ਕਿਹਾ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਇਕ ਕੌਮਾਂਤਰੀ ਅਪਰਾਧ ਕਰ ਰਹੇ ਹਨ ਅਤੇ ਉਨ੍ਹਾਂ ਇੰਨੇ ਸਾਰੇ ਕੌਮਾਂਤਰੀ ਨੇਮ ਤੋੜੇ ਹਨ ਕਿ ਉਹ ਖੁਦ ਨਹੀਂ ਰੁਕਣਗੇ। ਉਨ੍ਹਾਂ ਕਿਹਾ ਕਿ ਜੰਗ ਆਸਾਨੀ ਨਾਲ ਖ਼ਤਮ ਨਹੀਂ ਹੋ ਸਕਦੀ ਹੈ ਅਤੇ ਰੂਸ ਨੂੰ ਸਿਰਫ਼ ਸ਼ਾਂਤੀ ਲਈ ਮਜਬੂਰ ਕੀਤਾ ਜਾ ਸਕਦਾ ਹੈ। ਯੂਕਰੇਨ ’ਚ ਢਾਈ ਸਾਲ ਤੋਂ ਚੱਲ ਰਹੀ ਜੰਗ ਬਾਰੇ ਹੋਈ ਮੀਟਿੰਗ ਦੌਰਾਨ ਸਲਾਮਤੀ ਕੌਂਸਲ ਦੇ 15 ਮੈਂਬਰਾਂ ’ਚੋਂ 14 ਦੇ ਮੰਤਰੀਆਂ ਨੇ ਹਿੱਸਾ ਲਿਆ। ਰੂਸ ਨੇ ਆਪਣੇ ਹੇਠਲੇ ਪੱਧਰ ਦੇ ਸਫ਼ੀਰ ਵਾਸਿਲੀ ਨੇਬੇਂਜ਼ੀਆ ਨੂੰ ਮੀਟਿੰਗ ਲਈ ਭੇਜਿਆ। ਉਸ ਨੇ ਵਿਰੋਧ ਦਰਜ ਕਰਾਉਂਦਿਆਂ ਕਿਹਾ ਕਿ ਜ਼ੇਲੈਂਸਕੀ ਨੂੰ ਮੁੜ ਸੰਯੁਕਤ ਰਾਸ਼ਟਰ ਦਾ ਧਿਆਨ ਆਕਰਸ਼ਿਤ ਕਰਨ ਦਾ ਮੌਕਾ ਦਿੱਤਾ ਜਾ ਰਿਹਾ ਹੈ।