ਵਿਦੇਸ਼ੀ ਵਫ਼ਦ ਦੇ ਸਰਟੀਫਿਕੇਟ ਦੀ ਲੋੜ ਨਹੀਂ: ਉਮਰ

ਸ੍ਰੀਨਗਰ-ਨੈਸ਼ਨਲ ਕਾਨਫਰੰਸ ਆਗੂ ਉਮਰ ਅਬਦੁੱਲ੍ਹਾ ਨੇ ਜੰਮੂ ਕਸ਼ਮੀਰ ਅਸੈਂਬਲੀ ਚੋਣਾਂ ਲਈ ਵਿਦੇਸ਼ੀ ਡਿਪਲੋਮੈਟਾਂ ਨੂੰ ਨਿਗਰਾਨ ਵਜੋਂ ਸੱਦਣ ਲਈ ਕੇਂਦਰ ਸਰਕਾਰ ਦੀ ਜਮ ਕੇ ਨੁਕਤਾਚੀਨੀ ਕੀਤੀ ਹੈ। ਉਮਰ ਨੇ ਕਿਹਾ ਕਿ ਚੋਣਾਂ ਭਾਰਤ ਦਾ ਅੰਦਰੂਨੀ ਮਸਲਾ ਹੈ ਤੇ ‘ਸਾਨੂੰ ਉਨ੍ਹਾਂ ਦੇ ਸਰਟੀਫਿਕੇਟ ਦੀ ਲੋੜ ਨਹੀਂ ਹੈ।’ ਉਮਰ ਨੇ ਕਿਹਾ, ‘ਮੈਨੂੰ ਨਹੀਂ ਪਤਾ ਕਿ ਵਿਦੇਸ਼ੀਆਂ ਨੂੰ ਚੋਣਾਂ ਦੀ ਨਿਗਰਾਨੀ ਲਈ ਕਿਉਂ ਕਿਹਾ ਗਿਆ ਹੈ। ਜਦੋਂ ਵਿਦੇਸ਼ੀ ਸਰਕਾਰਾਂ ਕੋਈ ਟਿੱਪਣੀ ਕਰਦੀਆਂ ਹਨ ਤਾਂ ਭਾਰਤ ਸਰਕਾਰ ‘ਇਸ ਨੂੰ ਦੇਸ਼ ਦਾ ਅੰਦਰੂਨੀ ਮਸਲਾ ਦੱਸਦੀ ਹੈ’ ਤੇ ਹੁਣ ਅਚਾਨਕ ਉਹ ਚਾਹੁੰਦੇ ਹਨ ਕਿ ਵਿਦੇਸ਼ੀ ਨਿਗਰਾਨ ਆਉਣ ਤੇ ਸਾਡੀਆਂ ਚੋਣਾਂ ਨੂੰ ਦੇਖਣ।’ ਉਨ੍ਹਾਂ ਕਿਹਾ ਕਿ ਇਹ ‘ਗਾਈਡਿਡ ਟੂਰ’ ਚੰਗੀ ਗੱਲ ਨਹੀਂ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕੇਂਦਰ ਸਰਕਾਰ ਇਨ੍ਹਾਂ ਚੋਣਾਂ ਵਿਚ ਲੋਕਾਂ ਦੀ ਸ਼ਮੂਲੀਅਤ ਦਾ ਸਿਹਰਾ ਆਪਣੇ ਸਿਰ ਬੰਨ੍ਹਣਾ ਚਾਹੁੰਦੀ ਹੈ, ‘ਜੋ ਕਿ ਇਥੋਂ ਦੇ ਲੋਕਾਂ ਨਾਲ ਦਗ਼ਾ ਹੈ।’