ਜੰਮੂ-ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਜੇ ਮੌਜੂਦਾ ਅਸੈਂਬਲੀ ਚੋਣਾਂ ਮਗਰੋਂ ਜੰਮੂ ਕਸ਼ਮੀਰ ਦਾ ਰਾਜ ਦਾ ਰੁਤਬਾ ਬਹਾਲ ਨਾ ਕੀਤਾ ਤਾਂ ‘ਇੰਡੀਆ’ ਗੱਠਜੋੜ ਇਸ ਲਈ ਸੰਸਦ ਵਿਚ ਆਪਣੀ ਪੂਰੀ ਵਾਹ ਲਾਏਗਾ ਤੇ ਲੋੜ ਪੈਣ ’ਤੇ ਸੜਕਾਂ ਉੱਤੇ ਵੀ ਉਤਰੇਗਾ। ਗਾਂਧੀ ਇਥੇ ਪਾਰਟੀ ਉਮੀਦਵਾਰ ਦੇ ਹੱਕ ਵਿਚ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਪਿਛਲੇ ਕਰੀਬ ਤਿੰਨ ਹਫ਼ਤਿਆਂ ਵਿਚ ਰਾਹੁਲ ਦੀ ਜੰਮੂ ਕਸ਼ਮੀਰ ’ਚ ਇਹ ਤੀਜੀ ਫੇਰੀ ਹੈ। ਗਾਂਧੀ ਨੇ ਸਰਕਾਰ ਦੀ ‘ਮੇਕ ਇਨ ਇੰਡੀਆ’ ਪਹਿਲਕਦਮੀ ਨੂੰ ‘ਮੇਕ ਇਨ ਅਡਾਨੀ’ ਦੱਸਿਆ। ਉਨ੍ਹਾਂ ਭਾਜਪਾ ਸਰਕਾਰ ਤੇ ਉਪ ਰਾਜਪਾਲ ’ਤੇ ਜੰਮੂ ਦੀ ਰੀੜ੍ਹ ਦੀ ਹੱਡੀ ਤੋੜਨ ਦਾ ਦੋੋਸ਼ ਲਾਇਆ।
ਇਥੇ ਜੇਕੇ ਰਿਜ਼ੌਰਟ ਮੈਦਾਨ ਵਿਚ ਚੋਣ ਰੈਲੀ ਦੌਰਾਨ ਜੰਮੂ ਕਸ਼ਮੀਰ ਦਾ ਰਾਜ ਦਾ ਰੁਤਬਾ ਬਹਾਲ ਕਰਵਾਉਣ ਦੇ ਆਪਣੇ ਅਹਿਦ ਨੂੰ ਦੁਹਰਾਉਂਦਿਆਂ ਗਾਂਧੀ ਨੇ ਕਿਹਾ, ‘ਭਾਰਤ ਦੇ ਇਤਿਹਾਸ ਵਿਚ ਇਹ ਕਦੇ ਨਹੀਂ ਹੋਇਆ ਕਿ ਅਸੀਂ ਕਿਸੇ ਰਾਜ ਦਾ ਦਰਜਾ ਖੋਹ ਕੇ ਇਸ ਨੂੰ ਯੂਟੀ ਵਿਚ ਤਬਦੀਲ ਕੀਤਾ ਹੋਵੇ। ਇਹ ਨਹੀਂ ਹੋਣਾ ਚਾਹੀਦਾ ਸੀ ਤੇ ਮੈਂ ਤੁਹਾਨੂੰ ਗਾਰੰਟੀ ਦਿੰਦਾ ਹਾਂ ਕਿ ਜੇ ਭਾਜਪਾ ਨੇ ਚੋਣਾਂ ਮਗਰੋਂ ਰਾਜ ਦਾ ਦਰਜਾ ਬਹਾਲ ਨਾ ਕੀਤਾ ਤਾਂ ਅਸੀਂ- ਇੰਡੀਆ ਗੱਠਜੋੜ- ਲੋਕ ਸਭਾ ਤੇ ਰਾਜ ਸਭਾ ਵਿਚ ਆਪਣੀ ਪੂਰੀ ਵਾਹ ਲਾਵਾਂਗੇ ਤੇ ਲੋੜ ਪਈ ਤਾਂ ਸੜਕਾਂ ਉੱਤੇ ਵੀ ਉਤਰਾਂਗੇ।’ ਗਾਂਧੀ ਨੇ ਕਿਹਾ ਕਿ ਜੰਮੂ ਕਸ਼ਮੀਰ ਤੋਂ ਰਾਜ ਦਾ ਦਰਜਾ ਖੋਹਿਆ ਗਿਆ ਤਾਂ ਕਿ ਉਪ ਰਾਜਪਾਲ ਜ਼ਰੀਏ ‘ਬਾਹਰਲਿਆਂ’ ਨੂੰ ਫਾਇਦਾ ਪਹੁੰਚਾਇਆ ਜਾ ਸਕੇ। ਇਸ ਦੌਰਾਨ ਉਨ੍ਹਾਂ ਉੱਤਰੀ ਕਸ਼ਮੀਰ ਦੇ ਬਾਰਾਮੁੱਲਾ ਜ਼ਿਲ੍ਹੇ ਵਿਚ ਵੀ ਚੋਣ ਰੈਲੀ ਨੂੰ ਸੰਬੋਧਨ ਕੀਤਾ।
ਕਾਂਗਰਸ ਆਗੂ ਰਾਹੁਲ ਗਾਂਧੀ ਅੱਜ ਜੰਮੂ ਕਸ਼ਮੀਰ ਨਾਲ ਸਬੰਧਤ 300 ਤੋਂ ਵੱਧ ਕਾਰੋਬਾਰੀਆਂ ਤੇ ਪੇਸ਼ੇਵਰਾਂ ਦੇ ਰੂਬਰੂ ਹੋਏ। ਉਨ੍ਹਾਂ ਕੇਂਦਰ ਸ਼ਾਸਿਤ ਪ੍ਰਦੇਸ਼ ਵਿਚ ਆਰਥਿਕ ਵਿਕਾਸ ਤੇ ਰੁਜ਼ਗਾਰ ਸਿਰਜਣਾ ਨੂੰ ਸਿਖਰਲੀ ਅਹਿਮੀਅਤ ਦੇਣ ਦਾ ਵਾਅਦਾ ਕੀਤਾ। ਗਾਂਧੀ ਆਲ ਇੰਡੀਆ ਪ੍ਰੋਫੈਸ਼ਨਲ’ਜ਼ ਕਾਂਗਰਸ ਵੱਲੋਂ ਕਰਵਾਏ ‘ਡੋਗਰੀ ਧਾਮ ਵਿਦ ਆਰਜੀ’ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਗਾਂਧੀ ਨੇ ਮੁਕਾਮੀ ਅਰਥਚਾਰੇ ਨੂੰ ਹੁਲਾਰਾ ਦੇਣ ਤੇ ਕਾਰੋਬਾਰੀਆਂ ’ਤੇ ਟੈਕਸ ਦਾ ਬੋਝ ਘਟਾਉਣ ਸਣੇ ਹੋਰ ਤਜਵੀਜ਼ਾਂ ਦੀ ਰੂਪਰੇਖਾ ਰੱਖੀ। ਸਮਾਗਮ ਵਿਚ 328 ਦੇ ਕਰੀਬ ਕਾਰੋਬਾਰੀ ਸ਼ਾਮਲ ਹੋਏ, ਜਿਨ੍ਹਾਂ ਵਿਚੋਂ ਵੱਡੀ ਗਿਣਤੀ ਨਿੱਜੀ ਸੈਕਟਰ ਦੇ ਪੇਸ਼ੇਵਰ ਸਨ।