ਸਰਦੂਲਗੜ੍ਹ- ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਹੇਠ ਕਿਸਾਨਾਂ ਵੱਲੋਂ ਘੱਗਰ ਪੁਲ ’ਤੇ ਮਾਨਸਾ-ਸਿਰਸਾ ਕੌਮੀ ਮਾਰਗ ਉਤੇ ਧਰਨਾ ਲਗਾ ਕੇ ਆਵਾਜਾਈ ਬਿਲਕੁਲ ਜਾਮ ਕਰ ਦਿੱਤੀ ਗਈ। ਕਿਸਾਨਾਂ ਦੇ ਭਾਰੀ ਇੱਕਠ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ, ਜ਼ਿਲ੍ਹਾ ਆਗੂ ਉੱਤਮ ਸਿੰਘ ਰਾਮਾਂਨੰਦੀ, ਬਿੰਦਰ ਸਿੰਘ ਝੰਡਾ, ਬਲਾਕ ਪ੍ਰਧਾਨ ਹਰਪਾਲ ਸਿੰਘ ਪਾਲੀ ਆਦਿ ਨੇ ਕਿਹਾ ਕਿ ਪਿਛਲੇ ਸਾਲ ਕਣਕ ਦੀ ਫ਼ਸਲ ’ਤੇ ਹੋਈ ਗੜੇਮਾਰੀ ਕਾਰਨ ਕਈ ਪਿੰਡਾਂ ਦੀਆਂ ਫਸਲਾਂ ਦਾ ਨੁਕਸਾਨ ਹੋਇਆ ਸੀ।
ਜੱਥੇਬੰਦੀ ਦੇ ਸੰਘਰਸ਼ ਤੋਂ ਬਾਅਦ ਕੀਤੇ ਸਰਵੇ ਅਨੁਸਾਰ ਕੁਝ ਪਿੰਡਾਂ ਨੂੰ ਮੁਆਵਜ਼ਾ ਦਿੱਤਾ ਗਿਆ ਜਦ ਕਿ ਪਿੰਡ ਮੀਰਪੁਰ ਕਲਾਂ ਅਤੇ ਜਟਾਣਾ ਕਲਾਂ ਦੀ ਨੁਕਸਾਨੀ ਫ਼ਸਲ ਦਾ ਮੁਆਵਜ਼ਾ ਨਹੀ ਦਿੱਤਾ ਗਿਆ। ਇਨ੍ਹਾਂ ਦੋਵਾਂ ਪਿੰਡਾਂ ਦੀ ਨੁਕਸਾਨੀ ਫਸਲ ਦਾ ਮੁਆਵਜ਼ਾ ਦੇਣ ਲਈ ਕਿਸਾਨਾਂ ਵੱਲੋਂ ਇਹ ਧਰਨਾ ਲਗਾਇਆ ਗਿਆ ਹੈ। ਜੇ ਮੁਆਵਜ਼ਾ ਨਾ ਦਿੱਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।
ਧਰਨੇ ਦੌਰਾਨ ਜਾਮ ਹੋਈ ਸੜਕ ਕਾਰਨ ਰਾਹਗੀਰਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਇਸ ਮੌਕੇ ਬਲਾਕ ਪ੍ਰਧਾਨ ਹਰਪਾਲ ਪਾਲੀ ਮੀਰਪੁਰ, ਜੋਗਿੰਦਰ ਸਿੰਘ ਦਿਆਲਪੁਰਾ, ਮਨਜੀਤ ਸਿੰਘ ਖਾਲਸਾ, ਰਮਨਦੀਪ ਸਿੰਘ ਕੁਸਲਾ ਆਦਿ ਹਾਜ਼ਰ ਸਨ।