ਸਿਹਤ ਵਿਭਾਗ ’ਚ 1390 ਡਾਕਟਰਾਂ ਦੀ ਹੋਵੇਗੀ ਨਿਯੁਕਤੀ: ਸਿਹਤ ਮੰਤਰੀ

ਚੰਡੀਗੜ੍ਹ-ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਅੱਜ ਚੰਡੀਗੜ੍ਹ ਦੇ ਟੈਗੋਰ ਥੀਏਟਰ ਵਿੱਚ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਿੱਚ ਨਵੇਂ ਭਰਤੀ ਹੋਏ 586 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ। ਇਸ ਵਿੱਚ 558 ਮਲਟੀਪਰਪਜ਼ ਉਮੀਦਵਾਰ ਹੈਲਥ ਵਰਕਰ (ਮਹਿਲਾ) ਜਾਂ ਸਹਾਇਕ ਨਰਸਾਂ ਤੇ ਦਾਈਆਂ (ਏਐੱਨਐੱਮਜ਼), 14 ਅਪਥਾਲਮਿਕ (ਅੱਖਾਂ ਦੀਆਂ ਬਿਮਾਰੀਆਂ ਨਾਲ ਸਬੰਧਤ) ਅਫ਼ਸਰ, ਛੇ ਮੈਡੀਕਲ ਲੈਬਾਰਟਰੀ ਤਕਨੀਸ਼ੀਅਨ ਗਰੇਡ-2, ਤਿੰਨ ਸਟੈਨੋਗ੍ਰਾਫਰ ਅਤੇ ਪੰਜ ਵਾਰਡ ਅਟੈਂਡੈਂਟ (ਤਰਸ ਦੇ ਆਧਾਰ ’ਤੇ) ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵਿੱਚ ਨਵੀਂ ਭਰਤੀ ਤਹਿਤ ਮਲਟੀਪਰਪਜ਼ ਹੈਲਥ ਵਰਕਰਾਂ (ਮਹਿਲਾਵਾਂ) ਦੀਆਂ ਕੁੱਲ 986 ਰੈਗੂਲਰ ਭਰਤੀਆਂ ਹੋਈਆਂ ਹਨ, ਜਿਨ੍ਹਾਂ ਵਿੱਚੋਂ 586 ਜਣੇ ਅੱਜ ਜੁਆਇਨ ਕਰ ਰਹੇ ਹਨ, ਜਦੋਂਕਿ 428 ਹੋਰ ਉਮੀਦਵਾਰਾਂ ਨੂੰ ਜਲਦ ਹੀ ਨਿਯੁਕਤੀ ਪੱਤਰ ਸੌਂਪੇ ਜਾਣਗੇ। ਜ਼ਿਕਰਯੋਗ ਹੈ ਕਿ ਅੱਜ ਇਹ ਨਿਯੁਕਤੀ ਪੱਤਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੌਂਪਣੇ ਸਨ ਪਰ ਉਹ ਕਿਸੇ ਕਾਰਨ ਪੁੱਜ ਨਾ ਸਕੇ। ਆਮ ਤੌਰ ’ਤੇ ਨਿਯੁਕਤੀ ਪੱਤਰ ਵੰਡ ਸਮਾਰੋਹ ਵਿੱਚ ਮੁੱਖ ਮੰਤਰੀ ਖੁਦ ਸ਼ਿਰਕਤ ਕਰਦੇ ਸਨ ਪਰ ਅੱਜ ਮੁੱਖ ਮੰਤਰੀ ਦੀ ਗੈਰਹਾਜ਼ਰੀ ਨੇ ਨੌਜਵਾਨਾਂ ਨੂੰ ਨਿਰਾਸ਼ ਕੀਤਾ। ਸਿਹਤ ਮੰਤਰੀ ਨੇ ਕਿਹਾ ਕਿ ਸਿਹਤ ਵਿਭਾਗ ਨੂੰ ਹੋਰ ਮਜ਼ਬੂਤ ਕਰਨ ਲਈ ਪੜਾਅਵਾਰ 1390 ਡਾਕਟਰਾਂ ਦੀਆਂ ਆਸਾਮੀਆਂ ਭਰੀਆਂ ਜਾ ਰਹੀਆਂ ਹਨ, ਜਿਨ੍ਹਾਂ ਵਿੱਚੋਂ ਪਹਿਲੇ ਪੜਾਅ ਵਿੱਚ 400 ਆਸਾਮੀਆਂ ਲਈ ਇਸ਼ਤਿਹਾਰ ਜਾਰੀ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ 435 ਹਾਊਸ ਸਰਜਨਾਂ ਦੀ ਨਿਯੁਕਤੀ ਵੀ ਪ੍ਰਕਿਰਿਆ ਅਧੀਨ ਹੈ।

ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਫਿਲਮੀ ਅਦਾਕਾਰਾ ਤੇ ਸੰਸਦ ਮੈਂਬਰ ਕੰਗਨਾ ਰਣੌਤ ਬਾਰੇ ਬਹੁਤਾ ਸੋਚਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਉਹ ਅਕਸਰ ਹੀ ਸਮਾਜ ਵਿਰੁੱਧ ਬਿਆਨਬਾਜ਼ੀ ਕਰਦੀ ਰਹਿੰਦੀ ਹੈ, ਜਿਸ ਤੋਂ ਭਾਜਪਾ ਵੀ ਪਾਸਾ ਵੱਟ ਰਹੀ ਹੈ। ਉਨ੍ਹਾਂ ਕਿਹਾ ਕਿ ਜੇ ਕੰਗਨਾ ਦੇ ਮਾਪੇ ਕਿਸਾਨ ਹਨ ਤਾਂ ਉਹ ਵੀ ਉਸ ਦੇ ਬਿਆਨਾਂ ਤੋਂ ਸਹਿਮਤ ਨਹੀਂ ਹੁੰਦੇ ਹੋਣਗੇ। ਸਿਹਤ ਮੰਤਰੀ ਨੇ ਕਿਹਾ ਕਿ ਕੰਗਨਾ ਰਣੌਤ ਨੂੰ ਅਜਿਹੇ ਬਿਆਨ ਦੇਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।