ਕੰਗਨਾ ਰਣੌਤ ਦਾ ਬਿਆਨ 750 ਸ਼ਹੀਦ ਕਿਸਾਨਾਂ ਦਾ ਅਪਮਾਨ

ਚੰਡੀਗੜ੍ਹ-ਆਮ ਆਦਮੀ ਪਾਰਟੀ ਪੰਜਾਬ ਨੇ ਭਾਜਪਾ ਦੀ ਸੰਸਦ ਮੈਂਬਰ ਕੰਗਨਾ ਰਣੌਤ ਵੱਲੋਂ ਖੇਤੀ ਕਾਨੂੰਨ, 2020 ਨੂੰ ਮੁੜ ਤੋਂ ਲਾਗੂ ਕਰਨ ਦੀ ਗੱਲ ’ਤੇ ਤਿੱਖੀ ਪ੍ਰਤੀਕਿਰਿਆ ਜ਼ਾਹਿਰ ਕੀਤੀ ਹੈ। ‘ਆਪ’ ਦੇ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਇੱਥੇ ਕਿਹਾ ਕਿ ਕਾਲੇ ਖੇਤੀ ਕਾਨੂੰਨਾਂ ਨੂੰ ਵਾਪਸ ਲਿਆਉਣ ਦੀ ਗੱਲ ਕਰਨਾ ਦੇਸ਼ ਦੇ ਕਰੋੜਾਂ ਕਿਸਾਨਾਂ ਅਤੇ 750 ਸ਼ਹੀਦ ਕਿਸਾਨਾਂ ਦਾ ਅਪਮਾਨ ਹੈ। ਭਾਜਪਾ ਜਾਣਬੁੱਝ ਕੇ ਸਮਾਜਿਕ ਤਣਾਅ ਪੈਦਾ ਕਰਨ ਲਈ ਆਪਣੇ ਸੰਸਦ ਮੈਂਬਰਾਂ ਤੋਂ ਭੜਕਾਊ ਬਿਆਨਬਾਜ਼ੀ ਕਰਵਾ ਰਹੀ ਹੈ। ਇਸ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਜੇ ਕਿਸਾਨਾਂ ਦੇ ਨਾਲ ਹਨ ਤਾਂ ਉਨ੍ਹਾਂ ਨੂੰ ਆਪਣੀ ਸੰਸਦ ਮੈਂਬਰ ਕੰਗਨਾ ਰਣੌਤ ਖ਼ਿਲਾਫ਼ ਤੁਰੰਤ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਸ੍ਰੀ ਕੰਗ ਨੇ ਕਿਹਾ ਕਿ ਕੰਗਨਾ ਰਣੌਤ ਅਕਸਰ ਸਮਾਜ ਨੂੰ ਵੰਡਣ ਅਤੇ ਭਾਈਚਾਰਾ ਖਰਾਬ ਕਰਨ ਵਾਲੇ ਬਿਆਨ ਦਿੰਦੀ ਹੈ, ਉਹ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ 750 ਕਿਸਾਨਾਂ ਦਾ ਮਜ਼ਾਕ ਉਡਾ ਰਹੀ ਹੈ ਅਤੇ ਪ੍ਰਧਾਨ ਮੰਤਰੀ ਮੋਦੀ ਚੁੱਪ ਹਨ।