ਪਟਿਆਲਾ-ਮਨੀਸ਼ ਰੇਹਾਨ-ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ 100ਵੇਂ ਜਨਮ ਦਿਨ ਮੌਕੇ ਪਿੰਡ ਟੌਹੜਾ ਵਿੱਚ ਹੋਏ ਸਮਾਗਮ ਦੌਰਾਨ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਪ੍ਰਭਾਵਸ਼ਾਲੀ ਇਕੱਠ ਕਰਨ ਵਿੱਚ ਸਫ਼ਲ ਰਿਹਾ। ਇਸ ਦੌਰਾਨ ਜਿੱਥੇ ਸੁਖਬੀਰ ਬਾਦਲ ’ਤੇ ਅਕਾਲੀ ਦਲ ਦਾ ਨੁਕਸਾਨ ਕਰਨ ਅਤੇ ਬੇਅਦਬੀਆਂ ਲਈ ਜ਼ਿੰਮੇਵਾਰ ਹੋਣ ਦੇ ਦੋਸ਼ ਲਾਏ, ਉਥੇ ਹੀ ਅਕਾਲੀ ਦਲ ਦੇ ਖਜ਼ਾਨਚੀ ਐੱਨਕੇ ਸ਼ਰਮਾ ਦਾ ਹਵਾਲਾ ਦੇ ਕੇ ਸੁਖਬੀਰ ’ਤੇ ਸਿੱਖਾਂ ਦੀ ਨੁਮਾਇੰਦਾ ਜਮਾਤ ਸ਼੍ਰੋਮਣੀ ਕਮੇਟੀ ਨੂੰ ਗੈਰ ਸਿੱਖਾਂ ਦੇ ਹਵਾਲੇ ਕਰਨ ਦੇ ਦੋਸ਼ ਲਾਏ ਗਏ। ਇਸ ਮੌਕੇ ਅਕਾਲੀ ਦਲ ਸੁਧਾਰ ਲਹਿਰ ਦੇ ਕਨਵੀਨਰ ਗੁਰਪ੍ਰਤਾਪ ਸਿੰਘ ਵਡਾਲਾ ਅਤੇ ਪ੍ਰੇਮ ਸਿੰਘ ਚੰਦੂਮਾਜਰਾ ਨੇ ਮਤੇ ਵੀ ਪਾਸ ਕਰਵਾਏ। ਇਸ ਦੌਰਾਨ ਪੰਥ ਪ੍ਰਸਤੀ ਦਾ ਮਾਰਗ ਅਪਣਾਉਣ, ਅਕਾਲੀ ਦਲ ਨੂੰ ਮੁੱਢਲੇ ਸਰੋਕਾਰਾਂ ਅਤੇ ਸਿਧਾਂਤਾਂ ’ਤੇ ਪਾਬੰਦ ਕਰਨ ਅਤੇ ਅਗਵਾਈ ਪੰਥਕ ਸੋਚਕ ਵਾਲੇ ਆਗੂਆਂ ਨੂੰ ਸੌਂਪਣਾ ਯਕੀਨੀ ਬਣਾਉਣ, ਜਥੇਦਾਰ ਸਹਿਬਾਨਾਂ ਦੀ ਨਿਯੁਕਤੀ ਅਤੇ ਸੇਵਾਮੁਕਤੀ ਦੇ ਨਿਯਮ ਬਣਾਉਣ ਅਤੇ ਸਮਾਜਿਕ ਚੇਤਨਤਾ ਤੇ ਸੁਧਾਰ ਵਿੰਗ ਦਾ ਗਠਨ ਕਰਨ ਸਣੇ ਪੰਥਕ ਸ਼ਕਤੀ ਨੂੰ ਇੱਕਜੁਟ ਕਰਨ ਲਈ ਸਿੰਘ ਸਾਹਿਬਾਨ ਨੂੰ ਇਤਿਹਾਸਕ ਭੂਮਿਕਾ ਨਿਭਾਉਣ ਦੀ ਅਰਜੋਈ ਵੀ ਕੀਤੀ ਗਈ।
ਇਸ ਦੌਰਾਨ ਸ਼੍ਰੋਮਣੀ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੋਲੀ ਨੇ ਸਟੇਜ ਦੀ ਕਾਰਵਾਈ ਸ਼ੁਰੂ ਕੀਤੀ। ਮਗਰੋਂ ਸਮਾਗਮ ਦਾ ਰਸਮੀ ਆਗਾਜ਼ ਜਥੇਦਾਰ ਟੌਹੜਾ ਦੇ ਵੱਡੇ ਦੋਹਤੇ ਹਰਿੰਦਰਪਾਲ ਟੌਹੜਾ ਨੇ ਕੀਤਾ। ਸ਼੍ਰੋਮਣੀ ਕਮੇਟੀ ਮੈਂਬਰ ਸਤਵਿੰਦਰ ਸਿੰਘ ਟੌਹੜਾ ਨੇੇ ਟੌਹੜਾ ਵਾਸੀਆਂ ਵੱਲੋਂ, ਜਦਕਿ ਚਰਨਜੀਤ ਬਰਾੜ ਅਤੇ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਵੱਲੋਂ ਜ਼ਿਲ੍ਹਾ ਪਟਿਆਲਾ ਵੱਲੋਂ ਸੰਗਤ ਦਾ ਸਵਾਗਤ ਕੀਤਾ ਗਿਆ। ਇਕੱਠ ਤੋਂ ਬਾਗੋ ਬਾਗ ਹੋਏ ਮਰਹੂਮ ਟੌਹੜਾ ਦੇ ਧੀ ਜਵਾਈ ਕੁਲਦੀਪ ਕੌਰ ਟੌਹੜਾ ਅਤੇ ਹਰਮੇਲ ਸਿੰਘ ਟੌਹੜਾ ਤਾਂ ਝੁਕ ਕੇ ਲੋਕਾਂ ਦਾ ਸਵਾਗਤ ਕਰ ਰਹੇ ਸਨ। ਇਸ ਮੌਕੇ ਛੋਟਾ ਦੋਹਤਾ ਕੰਵਰਵੀਰ ਟੌਹੜਾ (ਸਕੱਤਰ ਭਾਜਪਾ ਪੰਜਾਬ) ਮੱਥਾ ਟੇਕ ਕੇ ਪਰਤ ਗਿਆ।
ਇਸ ਦੌਰਾਨ ਪ੍ਰੇਮ ਸਿੰਘ ਚੰਦੂਮਾਜਰਾ ਦਾ ਵਧੇਰੇ ਦਬ ਦਬਾ ਨਜ਼ਰ ਆਇਆ। ਉਨ੍ਹਾਂ ਦਾ ਕਹਿਣਾ ਸੀ ਕਿ ਅੱਜ ਦਾ ਇਹ ਇਕੱਠ ਪੰਥਕ ਸ਼ਕਤੀ ਨੂੰ ਇੱਕਜੁਟ ਕਰਨ ਲਈ ਵੀ ਸਹਾਈ ਹੋਵੇਗਾ। ਗੁਰਪ੍ਰਤਾਪ ਸਿੰਘ ਵਡਾਲਾ ਨੇ ਸਮਾਗਮ ਨੂੰ ਤਾਰਪੀਡੋ ਕਰਨ ਦੇ ਦੋਸ਼ ਲਾਉਂਦਿਆਂ, ਸੁਖਬੀਰ ਬਾਦਲ ਤੇ ਹਰਜਿੰਦਰ ਸਿੰਘ ਧਾਮੀ ਨੂੰ ਈਰਖਾਵਾਦੀ ਸੋਚ ਦੇ ਧਾਰਨੀ ਦੱਸਿਆ। ਇਸ ਮੌਕੇ ਸੁਖਦੇਵ ਸਿੰਘ ਢੀਂਡਸਾ, ਪਰਮਿੰਦਰ ਢੀਂਡਸਾ, ਸੁਰਜੀਤ ਰੱਖੜਾ, ਬੀਬੀ ਜਗੀਰ ਕੌਰ, ਸੁੱਚਾ ਸਿੰਘ ਛੋਟੇਪੁਰ, ਸਵਰਨ ਫਿਲੌਰ, ਭੁਪਿੰਦਰ ਸਿੰਘ ਅਸੰਧ, ਹਰਮੀਤ ਸਿੰਘ ਕਾਲਕਾ, ਜਗਮੀਤ ਬਰਾੜ, ਚਰਨਜੀਤ ਬਰਾੜ, ਤੇਜਿੰਦਰਪਾਲ ਸੰਧੂ, ਰਣਧੀਰ ਰੱਖੜਾ, ਭੁਪਿੰਦਰ ਸੇਖੂਪੁਰ, ਕੰਵਰਚੜ੍ਹਤ ਸਿੰਘ, ਗੁਰਵਿੰਦਰ ਡੂਮਛੇੜੀ, ਹਰਬੰਸ ਮੰਝਪੁਰ, ਪਰਮਜੀਤ ਮੰਡ, ਜਗਜੀਤ ਕੋਹਲੀ ਤੇ ਜਰਨੈਲ ਕਰਤਾਰਪੁਰ ਨੇ ਵੀ ਸੰਬੋਧਨ ਕੀਤਾ।
ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ 100ਵੇਂ ਜਨਮ ਦਿਨ ਦੇ ਮੱਦੇਨਜ਼ਰ ਪਹਿਲਾਂ ਪਰਿਵਾਰ ਵੱਲੋਂ ਉਨ੍ਹਾਂ ਦੇ ਜੱਦੀ ਘਰ ਵਿੱਚ ਅਖੰਡ ਪਾਠ ਦੇ ਭੋਗ ਪਾਏ ਗਏ। ਇੱਥੇ ਟੌਹੜਾ ਦੇ ਛੋਟੇ ਦੋਹਤੇ ਅਤੇ ਭਾਜਪਾ ਦੇ ਸੂਬਾਈ ਸਕੱਤਰ ਕੰਵਰਵੀਰ ਸਿੰਘ ਟੌਹੜਾ ਆਪਣੀ ਪਤਨੀ ਮਹਿਰੀਨ ਕਾਲੇਕਾ (ਫਿਲਮੀ ਅਦਾਕਾਰਾ) ਸਣੇ ਰਹਿ ਰਹੇ ਹਨ। ਇਸ ਮੌਕੇ ਕੰਵਰਵੀਰ ਟੌਹੜਾ ਨੇ ਕਿਹਾ ਕਿ ਉਸ ਮਹਿਬੂਬ ਨੇਤਾ ਨੇ ਆਪਣਾ ਸਾਰਾ ਜੀਵਨ ਪੰਥ ਅਤੇ ਲੋਕ ਸੇਵਾ ਦੇ ਲੇਖੇ ਲਾ ਦਿੱਤਾ। ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਪ੍ਰਨੀਤ ਕੌਰ, ਭਾਜਪਾ ਮਹਿਲਾ ਮੋਰਚੇ ਦੇ ਸੂਬਾਈ ਪ੍ਰਧਾਨ ਜੈਇੰਦਰ ਕੌਰ, ਸਾਬਕਾ ਐੱਮਪੀ ਅਰਵਿੰਦ ਖੰਨਾ, ਡਾ. ਸੁਭਾਸ਼ ਸ਼ਰਮਾ, ਗੇਜਾਰਾਮ, ਬੋਨੀ ਅਜਨਾਲਾ, ਗੁਰਪ੍ਰੀਤ ਮਲੂਕਾ, ਗੁਰਪ੍ਰੀਤ ਭੱਟੀ, ਡਾ. ਦੀਪਕ ਜੋਤੀ ਤੇ ਰਾਜੇਸ਼ ਅੱਤਰੀ ਹਾਜ਼ਰ ਸਨ। ਇਸ ਦੌਰਾਨ ਸਿੰਘ ਸਾਹਿਬ ਗਿਆਨੀ ਸਰਤਾਜ ਸਿੰਘ ਤੋਂ ਇਲਾਵਾ ਸੰਜੀਵ ਵਸ਼ਿਸ਼ਠ, ਕਰਨਲ ਜੈਬੰਸ, ਪ੍ਰਿਤਪਾਲ ਬਲੀਏਵਾਲ, ਰਾਜਿੰਦਰ ਸਿੰਘ ਟੌਹੜਾ, ਰਣਬੀਰ ਮਾਹਲਪੁਰ, ਸੁਖਜਿੰਦਰ ਟੌਹੜਾ, ਸਨੀ ਟੌਹੜਾ, ਬਾਬਾ ਬਲਜੀਤ ਸਿੰਘ, ਅਵਤਾਰ ਸਿੰਘ, ਅਮਰਿੰਦਰ ਕਾਲਕਾ ਤੇ ਮਾਸਟਰ ਕਰਮਜੀਤ ਸਿੰਘ ਹਾਜ਼ਰ ਰਹੇ।
ਐੱਮਪੀ ਸਰਬਜੀਤ ਸਿੰਘ ਖਾਲਸਾ ਨੇ ਅੰਮ੍ਰਿਤਪਾਲ ਸਿੰਘ ਤੇ ਸਾਥੀਆਂ ਸਣੇ ਹੋਰ ਬੰਦੀ ਸਿੰਘਾਂ ਦੀ ਰਿਹਾਈ ’ਤੇ ਜ਼ੋਰ ਦਿਤਾ ਤੇ ਸਮੁੱਚੀ ਪੰਥਕ ਸ਼ਕਤੀ ਨੂੰ ਇੱਕਜੁਟ ਹੋ ਕੇ ਲੜਨ ਦਾ ਹੋਕਾ ਦਿੱਤਾ। ਸਾਬਕਾ ਐੱਮਪੀ ਜਗਮੀਤ ਬਰਾੜ ਨੇ ਵੀ ਅਕਾਲੀ ਦਲ ਦੀ ਮਜ਼ਬੂਤੀ ਜ਼ਰੂਰੀ ਕਰਾਰ ਦਿੱਤੀ। ਸਾਬਕਾ ਜਥੇਦਾਰ ਪ੍ਰੋ. ਮਨਜੀਤ ਸਿੰਘ ਨੇ ਵੀ ਸ਼ਿਰਕਤ ਕੀਤੀ।