ਨਿਗਮ ਨੇ ਪ੍ਰਾਪਰਟੀ ਟੈਕਸ ਵਸੂਲੀ ਲਈ ਚੌਕਾਂ ’ਚ 24 ਹੋਰਡਿੰਗ ਲਗਵਾਏ

ਨਿਗਮ ਨੇ ਪ੍ਰਾਪਰਟੀ ਟੈਕਸ ਵਸੂਲੀ ਲਈ ਚੌਕਾਂ ’ਚ 24 ਹੋਰਡਿੰਗ ਲਗਵਾਏ

* 10 ਫੀਸਦੀ ਰਿਆਇਤ ਦੀ ਸਹੂਲਤ 30 ਤਕ, ਇਸ ਉਪਰੰਤ ਡਿਫਾਲਟਰਾਂ ਵਿਰੁੱਧ ਹੋਵੇਗੀ ਕਾਰਵਾਈ ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਨਗਰ ਨਿਗਮ ਨੇ ਪ੍ਰਾਪਰਟੀ ਟੈਕਸ ਦੀ ਵਸੂਲੀ ਲਈ ਸ਼ਹਿਰ ਦੇ ਪ੍ਰਮੁਖ ਚੌਕਾਂ ’ਚ 24 ਹੋਰਡਿੰਗ ਲਗਵਾ ਕੇ ਲੋਕਾਂ ਨੂੰ ਸਾਲ 2024-2025 ਦਾ ਟੈਕਸ ਜਮ੍ਹਾਂ ਕਰਵਾਉਣ ਦੀ ਅਪੀਲ ਕੀਤੀ ਹੈ। ਉਕਤ ਵੱਡੇ ਹੋਰਡਿੰਗ ਨਗਰ ਨਿਗਮ ਨੇ ਲੋਕਾਂ ਨੂੰ ਟੈਕਸ ਪ੍ਰਤੀ ਜਾਗਰੂਕ ਕਰਨ ਲਈ ਲਗਾਏ ਹਨ ਤਾਂ ਜੋ ਲੋਕ ਸਰਕਾਰ ਵੱਲੋਂ ਪ੍ਰਾਪਰਟੀ ਟੈਕਸ ’ਚ ਦਿੱਤੀ ਗਈ 10 ਫੀਸਦੀ ਰਿਆਤ ਦਾ ਲਾਭ ਉਠਾ ਸਕਣ। ਇਸ ਸਬੰਧੀ ਨਗਰ ਨਿਗਮ ਦੇ ਸਹਾਇਕ ਕਮਿਸ਼ਨਰ ਵਿਕਰਾਂਤ ਵਰਮਾ ਨੇ ਕਿਹਾ ਕਿ ਕਮਿਸ਼ਨਰ ਗੌਤਮ ਜੈਨ ਤੇ ਵਧੀਕ ਕਮਿਸ਼ਨਰ ਅਮਰਜੀਤ ਬੈਂਸ ਦੇ ਦਿਸ਼ਾ ਨਿਰਦੇਸ਼ਾਂ ’ਤੇ ਉਕਤ ਹੋਰਡਿੰਗ ਲਗਾਏ ਗਏ ਹਨ। ਇਸ ਤੋਂ ਇਲਾਵਾ ਟੈਕਸ ਜਮ੍ਹਾਂ ਕਰਵਾਉਣ ਲਈ ਐੱਫਐੱਮ ਰੇਡੀਓ ’ਤੇ ਵੀ ਬਕਾਇਦਾ ਪ੍ਰਚਾਰ ਕਰਾਇਆ ਜਾ ਰਿਹਾ ਹੈ। ਇਸ ਸਬੰਧੀ ਸਹਾਇਕ ਕਮਿਸ਼ਨਰ ਨੇ ਕਿਹਾ ਹੈ ਕਿ 30 ਸਤੰਬਰ ਤਕ ਛੁੱਟੀ ਵਾਲੇ ਦਿਨ ਵੀ ਪ੍ਰਾਪਰਟੀ ਟੈਕਸ ਨਗਰ ਨਿਗਮ ਦੇ ਸੁਵਿਧਾ ਕੇਂਦਰ ਤੋਂ ਇਲਾਵਾ ਮਾਡਲ ਟਾਊਨ, ਦਾਦਾ ਕਲੋਨੀ ਜ਼ੋਨ, ਰਾਮਾ ਮੰਡੀ ਜ਼ੋਨ, ਲਾਲ ਰਤਨ ਜ਼ੋਨ, ਬਸਤੀ ਸ਼ੇਖ ਜ਼ੋਨ, ਬਬਰੀਕ ਚੌਕ ਅਤੇ ਨਗਰ ਨਿਗਮ ਦੀ ਬੇਸਮੈਂਟ ਵਿਖੇ ਮੁੱਖ ਦਫਤਰ ’ਚ ਜਮ੍ਹਾਂ ਹੋ ਸਕੇਗਾ। ਇਹ ਵਰਨਣਯੋਗ ਹੈ ਕਿ 10 ਫੀਸਦੀ ਰਿਆਤ ਸਮੇਤ ਟੈਕਸ ਜਮ੍ਹਾਂ ਕਰਵਾਉਣ ਦਾ ਸਮਾਂ ਕੇਵਲ 9 ਦਿਨ ਦਾ ਰਹਿ ਗਿਆ ਹੈ ਜਿਸ ਦਾ ਲਾਭ ਲੋਕਾਂ ਨੂੰ ਉਠਾਉਣਾ ਚਾਹੀਦਾ ਹੈ। ਇਹ ਵਰਨਣਯੋਗ ਹੈ ਕਿ ਹੁਣ ਤਕ ਪ੍ਰਾਪਰਟੀ ਟੈਕਸ ਦੀ 21 ਕਰੋੜ ਦੀ ਵਸੂਲੀ ਹੋ ਚੁੱਕੀ ਹੈ। ਸਹਾਇਕ ਕਮਿਸ਼ਨਰ ਵਿਕਰਾਂਤ ਵਰਮਾ ਨੇ ਕਿਹਾ ਹੈ ਕਿ ਜਿਹੜੇ ਟੈਕਸ ਡਿਫਾਲਟਰ ਟੈਕਸ ਜਮ੍ਹਾਂ ਨਹੀਂ ਕਰਾਉਣਗੇ, ਉਨ੍ਹਾਂ ਖਿਲਾਫ 30 ਸਤੰਬਰ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ’ਚ ਪ੍ਰਾਪਰਟੀ ਸੀਲ ਕਰਨਾ ਆਦਿ ਵੀ ਸ਼ਾਮਲ ਹੈ।