ਪ੍ਰਯਾਗਰਾਜ : ਪ੍ਰਯਾਗਰਾਜ ਮਹਾਕੁੰਭ ’ਚ ਇਸ ਵਾਰ ਰੇਲਵੇ ਨਵਾਂ ਐਕਸਪੈਰੀਮੈਂਟ ਕਰਨ ਜਾ ਰਿਹਾ ਹੈ। ਰੇਲਵੇ ਵੱਲੋਂ ਟ੍ਰੇਨਾਂ ਦੀਆਂ ਕਲਰ ਕੋਡਿੰਗ ਟਿਕਟਾਂ ਦਿੱਤੀਆਂ ਜਾਣਗੀਆਂ, ਜੋ ਦਿਸ਼ਾਵਾਂ ਨੂੰ ਨਿਰਧਾਰਿਤ ਕਰਨਗੀਆਂ। ਲਾਲ, ਹਰੇ, ਪੀਲੇ ਤੇ ਨੀਲੇ ਰੰਗ ਦੀਆਂ ਟਿਕਟਾਂ ਹੋਣਗੀਆਂ। ਲਾਲ ਰੰਗ ਦੀ ਟਿਕਟ ਉੱਤਰ, ਹਰੇ ਰੰਗ ਦੀ ਟਿਕਟ ਦੱਖਣ, ਪੀਲੇ ਰੰਗ ਦੀ ਟਿਕਟ ਪੂਰਬ ਤੇ ਨੀਲੇ ਰੰਗ ਦੀ ਟਿਕਟ ਪੱਛਮ ਦੀ ਦਿਸ਼ਾ ਦਰਸਾਵੇਗੀ। ਇਸ ਵਿਵਸਥਾ ਨਾਲ ਸ਼ਰਧਾਲੂਆਂ ਨੂੰ ਮਹਾਕੁੰਭ ’ਚ ਯਾਤਰਾ ਕਰਨ ਦੌਰਾਨ ਕਾਫੀ ਸਹੂਲਤ ਮਿਲੇਗੀ।
ਟਿਕਟ ਕਾਊਂਟਰ ’ਤੇ ਸ਼ਰਧਾਲੂ ਇਹ ਦੱਸਣਗੇ ਕਿ ਉਨ੍ਹਾਂ ਨੂੰ ਤਾਮਿਲਨਾਡੂ ਜਾਣਾ ਹੈ ਤਾਂ ਉਨ੍ਹਾਂ ਨੂੰ ਤੁਰੰਤ ਦੱਖਣ ਦੀ ਹਰੇ ਰੰਗ ਵਾਲੀ ਟਿਕਟ ਦੇ ਦਿੱਤੀ ਜਾਵੇਗੀ। ਹਰੇ ਰੰਗ ਦੀ ਟਿਕਟ ਲੈ ਕੇ ਸ਼ਰਧਾਲੂ ਜਦੋਂ ਸਟੇਸ਼ਨ ’ਤੇ ਪਹੁੰਚਣਗੇ ਤਾਂ ਟੀਟੀ ਤੋਂ ਲੈ ਕੇ ਆਰਪੀਐੱਫ ਜਵਾਨ ਉਨ੍ਹਾਂ ਨੂੰ ਟ੍ਰੇਨ ਦੀ ਜਾਣਕਾਰੀ ਟਿਕਟ ਦਾ ਰੰਗ ਦੇਖ ਕੇ ਦੇਣਗੇ।
ਰੇਲਵੇ ਵੱਲੋਂ ਪਹਿਲੀ ਵਾਰ ਕਲਰ ਕੋਡ ਟਿਕਟਿੰਗ ਦੀ ਵਿਵਸਥਾ ਕੀਤੀ ਜਾ ਰਹੀ ਹੈ। ਰੰਗ ਦੇ ਆਧਾਰ ’ਤੇ ਯਾਤਰੀਆਂ ਨੂੰ ਟ੍ਰੇਨ ਤੇ ਪਲੇਟਫਾਰਮ ਦੀ ਜਾਣਕਾਰੀ ਆਸਾਨੀ ਨਾਲ ਮਿਲ ਸਕੇਗੀ। ਇਸ ਨਾਲ ਉਨ੍ਹਾਂ ਨੂੰ ਟ੍ਰੇਨ ਫੜਨ ਲਈ ਭਟਕਣਾ ਨਹੀਂ ਪਵੇਗਾ। ਰੇਲਵੇ ਇਹ ਕਲਰ ਕੋਡਿੰਗ ਟਿਕਟ ਦਾ ਖੁਦ ਖਾਸ ਪ੍ਰਿੰਟ ਕਰਵਾਏਗਾ। ਮਹਾਕੁੰਭ 2025 ਦੌਰਾਨ ਰੇਲਵਾ ਪੂਰੇ ਦੇਸ਼ ਤੋਂ 1200 ਖ਼ਾਸ ਟ੍ਰੇਨਾਂ ਚਲਾਏਗਾ। ਇਸ ਵਿਚ 900 ਟ੍ਰੇਨਾਂ ਤਾਂ ਸਿਰਫ ਤਿੰਨ ਸ਼ਾਹੀ ਇਸ਼ਨਾਨ ਪੁਰਬ ਲਈ ਚੱਲਣਗੀਆਂ।