ਸਾਬਕਾ ਮੰਤਰੀ ਵੈਥਿਲਿੰਗਮ ਵਿਰੁੱਧ 27.9 ਕਰੋੜ ਰੁਪਏ ਦੀ ਰਿਸ਼ਵਤ ਲੈਣ ਸਬੰਧੀ ਕੇਸ ਦਰਜ

ਚੇਨੱਈ-ਤਾਮਿਲਨਾਡੂ ਦੇ ਵਿਜੀਲੈਂਸ ਅਤੇ ਭ੍ਰਿਸ਼ਟਾਚਾਰ ਵਿਰੋਧੀ ਡਾਇਰੈਕਟੋਰੇਟ (ਡੀਵੀਏਸੀ) ਨੇ ਸਾਬਕਾ ਹਾਊਸਿੰਗ ਮੰਤਰੀ ਆਰ. ਵੈਥਿਲਿੰਗਮ, ਉਸ ਦੇ ਪੁੱਤਰਾਂ ਅਤੇ ਸ੍ਰੀਰਾਮ ਪ੍ਰਾਪਰਟੀਜ਼ ਦੇ ਖ਼ਿਲਾਫ਼ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕੀਤਾ ਹੈ। ਇਸ ਕੇਸ ਵਿਚ ਵੈਥਿਲਿੰਗਮ, ਪ੍ਰਭੂ ਅਤੇ ਸ਼ਨਮੁਗਪ੍ਰਬੂ ਅਤੇ ਸ਼੍ਰੀਰਾਮ ਪ੍ਰਾਪਰਟੀਜ਼ ਦੇ ਡਾਇਰੈਕਟਰ ਕੇਆਰ ਰਮੇਸ਼, ਆਰ ਪਨੀਰਸੇਲਵਮ, ਮੁਥਮਲ ਅਸਟੇਟ (ਵੈਥਲਿੰਗਮ ਦੇ ਪੁੱਤਰਾਂ ਦੀ ਸ਼ੈੱਲ ਫਰਮ) ਦੇ ਇੱਕ ਹੋਰ ਨਿਰਦੇਸ਼ਕ ਅਤੇ ਸ਼੍ਰੀਰਾਮ ਪ੍ਰਾਪਰਟੀਜ਼ ਅਤੇ ਚਾਰ ਹੋਰ ਸਮੂਹ ਫਰਮਾਂ ਨੂੰ ਨਾਮਜ਼ਦ ਕੀਤਾ ਗਿਆ ਹੈ।

ਅੰਨਾਡੀਐਮਕੇ ਦੀ ਤਾਮਿਲਨਾਡੂ ਵਿੱਚ ਸੱਤਾ ਮੌਕੇ ਵੈਥਿਲਿੰਗਮ 2011 ਤੋਂ 2016 ਤੱਕ ਹਾਊਸਿੰਗ ਮੰਤਰੀ ਸਨ । ਉਹ ਇਸ ਸਮੇਂ ਤੰਜਾਵੁਰ ਜ਼ਿਲ੍ਹੇ ਦੇ ਓਰਥਨਾਡੂ ਹਲਕੇ ਤੋਂ ਵਿਧਾਇਕ ਹਨ। ਦਰਜ ਐਫ਼ਆਈਆਰ ਵਿੱਚ ਕਿਹਾ ਗਿਆ ਹੈ ਕਿ ਸ਼੍ਰੀਰਾਮ ਪ੍ਰਾਪਰਟੀਜ਼ ਨੇ ਵੈਥਿਲਿੰਗਮ ਦੇ ਪੁੱਤਰਾਂ ਵੱਲੋਂ ਚਲਾਈ ਜਾ ਰਹੀ ਇੱਕ ਸ਼ੈੱਲ ਕੰਪਨੀ ਨੂੰ 27.9 ਕਰੋੜ ਰੁਪਏ ਦੀ ਰਿਸ਼ਵਤ ਦਿੱਤੀ ਸੀ। ਚੇਨਈ ਦੇ ਨੇੜੇ ਪੇਰੂਗਲਾਥੁਰ ਵਿੱਚ 57.94 ਏਕੜ ਦੇ ਪਲਾਟ ’ਤੇ 1453 ਰਿਹਾਇਸ਼ੀ ਅਤੇ ਆਈਟੀ ਇਮਾਰਤਾਂ ਦੇ ਨਿਰਮਾਣ ਦੀ ਇਜਾਜ਼ਤ ਲੈਣ ਲਈ ਸ੍ਰੀਰਾਮ ਸਮੂਹ ਵੱਲੋਂ ਪੈਸਾ ਭੇਜਿਆ ਗਿਆ ਸੀ।

ਡੀਵੀਏਸੀ ਨੇ ਐਨਜੀਓ ਅਰਾਪੋਰ ਇਯਾਕਮ ਦੇ ਕਨਵੀਨਰ ਜੈਰਾਮ ਵੈਂਕਟੇਸ਼ਨ ਦੁਆਰਾ ਦਾਇਰ ਸ਼ਿਕਾਇਤ ਤੋਂ ਬਾਅਦ ਕੇਸ ਦਰਜ ਕੀਤਾ ਹੈ। ਗੌਰਤਲਬ ਹੈ ਕਿ ਟੀਐਨ ਸਰਕਾਰ ਨੇ ਜੁਲਾਈ 2022 ਵਿੱਚ ਇਸ ਮਾਮਲੇ ਵਿੱਚ ਐਫਆਈਆਰ ਦਰਜ ਕਰਨ ਦੀ ਮਨਜ਼ੂਰੀ ਲਈ ਸਹਿਮਤੀ ਦਿੱਤੀ ਸੀ।