ਪਰਾਲੀ ਨੂੰ ਅੱਗ ਲਾ ਕੇ ਸਾੜਨ ‘ਤੇ ਮੁਕੰਮਲ ਤੌਰ ‘ਤੇ ਪਾਬੰਦੀ ਦੇ ਹੁਕਮ ਜਾਰੀ

ਗੁਰਦਾਸਪੁਰ: ਜ਼ਿਲ੍ਹਾ ਮੈਜਿਸਟਰੇਟ, ਗੁਰਦਾਸਪੁਰ ਉਮਾ ਸ਼ੰਕਰ ਗੁਪਤਾ ਵਲੋਂ ਫੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋ ਕਰਦੇ ਹੋਏ, ਜ਼ਿਲ੍ਹਾ ਗੁਰਦਾਸਪੁਰ ਦੀ ਹਦੂਦ ਅੰਦਰ ਝੋਨੇ ਦੀ ਕਟਾਈ ਉਪਰੰਤ ਇਸ ਦੀ ਪਰਾਲੀ ਨੂੰ ਅੱਗ ਲਾ ਕੇ ਸਾੜਨ ‘ਤੇ ਮੁਕੰਮਲ ਤੌਰ ‘ਤੇ ਪਾਬੰਦੀ ਲਗਾਈ ਗਈ ਹੈ।ਹੁਕਮਾਂ ਵਿੱਚ ਕਿਹਾ ਗਿਆ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਝੋਨੇ ਦੀ ਕਟਾਈ ਜਿਆਦਾਤਰ ਕੰਬਾਈਨ ਮਸ਼ੀਨ ਦੁਆਰਾ ਹੀ ਕੀਤੀ ਜਾਂਦੀ ਹੈ ਅਤੇ ਝੋਨੇ ਦੀ ਪਰਾਲੀ ਨੂੰ ਜ਼ਮੀਨ ਵਿੱਚ ਹੀ ਛੱਡ ਦਿੱਤਾ ਜਾਂਦਾ ਹੈ ਅਤੇ ਬਾਅਦ ਵਿੱਚ ਇਸ ਪਰਾਲੀ ਨੂੰ ਅੱਗ ਲਗਾ ਕੇ ਸਾੜਿਆ ਜਾਂਦਾ ਹੈ, ਜਿਸ ਕਰਕੇ ਝੋਨੇ ਦੇ ਨਾੜ ਨੂੰ ਨਸ਼ਟ ਕਰਨ ਦੇ ਮੰਤਵ ਲਈ ਲਗਾਈ ਗਈ। ਅੱਗ ਉਸ ਖੇਤ ਨਾਲ ਲੱਗਦੀਆਂ ਫਸਲਾਂ, ਘਰਾਂ, ਦਰਖਤਾਂ, ਪਸ਼ੂਆਂ, ਰਸਤੇ ਤੋਂ ਗੁਜ਼ਰਦੇ ਵਾਹਨਾਂ ਆਦਿ ਨੂੰ ਵੀ ਆਪਣੀ ਲਪੇਟ ਵਿੱਚ ਲੈ ਲੈਂਦੀ ਹੈ, ਜਿਸ ਨਾਲ ਕਾਫੀ ਜਾਨੀ/ਮਾਲੀ ਨੁਕਸਾਨ ਹੁੰਦਾ ਹੈ ਅਤੇ ਕਈ ਹਾਦਸੇ ਵੀ ਵਾਪਰਦੇ ਹਨ। ਇਸ ਤੋਂ ਇਲਾਵਾ ਇਸ ਅੱਗ ਨਾਲ ਧਰਤੀ ਵਿਚੋਂ ਕਈ ਕੀਮਤੀ ਤੱਤ ਵੀ ਤਬਾਹ ਹੋ ਜਾਂਦੇ ਹਨ ਅਤੇ ਧਰਤੀ ਦੀ ਉਪਜਾਊ ਸ਼ਕਤੀ ਤੇ ਵੀ ਅਸਰ ਪੈਂਦਾ ਹੈ । ਸਿਟੇ ਵਜੋਂ ਜਨ-ਜੀਵਨ ਅਤੇ ਵਾਤਾਵਰਨ ਤੇ ਬਹੁਤ ਬੁਰਾ ਅਸਰ ਪੈਂਦਾ ਹੈ। ਇਸ ਸਥਿਤੀ ਨੂੰ ਮੁੱਖ ਰੱਖਦਿਆਂ ਹੋਇਆਂ ਝੋਨੇ ਦੀ ਪਰਾਲੀ ਨੂੰ ਅੱਗ ਲਾ ਕੇ ਸਾੜਨ ਨੂੰ ਰੋਕਣ ਦੀ ਅਤਿਅੰਤ ਜਰੂਰਤ ਹੈ। ਇਹ ਹੁਕਮ ਮਿਤੀ 19 ਸਤੰਬਰ 2024 ਤੋਂ ਮਿਤੀ 30 ਨਵੰਬਰ 2024 ਤੱਕ ਲਾਗੂ ਰਹਿਣਗੇ।

ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਇਸ ਦੀ ਉਲੰਘਣਾ ਹੋਣ ਤੇ ਪੁਲਿਸ ਵਲੋਂ 188 IPC ਅਧੀਨ ਕਾਰਵਾਈ ਕਰਨੀ ਯਕੀਨੀ ਬਣਾਈ ਜਾਵੇ।