ਗੂਗਲ ਨੇ 1.49 ਅਰਬ ਯੂਰੋ ਦੇ ਜੁਰਮਾਨੇ ਖ਼ਿਲਾਫ਼ ਕਾਨੂੰਨੀ ਲੜਾਈ ਜਿੱਤੀ

ਲੰਡਨ-ਗੂਗਲ ਨੇ ਆਨਲਾਈਨ ਇਸ਼ਤਿਹਾਰ ਕਾਰੋਬਾਰ ਨਾਲ ਜੁੜੇ ਪੰਜ ਸਾਲ ਪੁਰਾਣੇ 1.49 ਅਰਬ ਯੂਰੋ ਦੇ ਜੁਰਮਾਨੇ ਖ਼ਿਲਾਫ਼ ਕਾਨੂੰਨੀ ਲੜਾਈ ਜਿੱਤ ਲਈ ਹੈ। ਇਹ ਜੁਰਮਾਨਾ 2019 ’ਚ ਯੂਰਪੀ ਕਮਿਸ਼ਨ ਵੱਲੋਂ ਲਾਇਆ ਗਿਆ ਸੀ। ਯੂਰਪੀ ਯੂਨੀਅਨ ਨੇ ਗੂਗਲ ’ਤੇ ‘ਭਰੋਸੇ ਵਿਰੋਧੀ ਕਾਨੂੰਨ’ ਦੀ ਉਲੰਘਣਾ ਦਾ ਦੋਸ਼ ਲਾਇਆ ਸੀ। ਯੂਰਪੀ ਯੂਨੀਅਨ ਦੇ ਜਨਰਲ ਕੋਰਟ ਨੇ ਕਿਹਾ ਕਿ ਉਹ ਜੁਰਮਾਨੇ ਨੂੰ ਰੱਦ ਕਰ ਰਿਹਾ ਹੈ। ਕਮਿਸ਼ਨ ਨੇ ਜੁਰਮਾਨਾ ਲਾਉਂਦਿਆਂ ਕਿਹਾ ਸੀ ਕਿ ਗੂਗਲ ਦੇ ਵਿਹਾਰ ਕਾਰਨ ਵਿਗਿਆਪਨ ਦਾਤਿਆਂ ਅਤੇ ਵੈੱਬਸਾਈਟ ਮਾਲਕਾਂ ਕੋਲ ਘੱਟ ਬਦਲ ਰਹਿ ਗਏ ਸਨ ਅਤੇ ਉਨ੍ਹਾਂ ਨੂੰ ਵਧ ਕੀਮਤਾਂ ਦਾ ਭੁਗਤਾਨ ਕਰਨਾ ਪੈ ਰਿਹਾ ਹੈ, ਜਿਸ ਦਾ ਬੋਝ ਖਪਤਕਾਰਾਂ ’ਤੇ ਪਾਏ ਜਾਣ ਦਾ ਖ਼ਦਸ਼ਾ ਸੀ। ਇਸ ਫ਼ੈਸਲੇ ਨੂੰ ਕਾਨੂੰਨੀ ਨੁਕਤਿਆਂ ਦੇ ਆਧਾਰ ’ਤੇ ਸਿਖਰਲੀ ਅਦਾਲਤ ’ਚ ਚੁਣੌਤੀ ਦਿੱਤੀ ਜਾ ਸਕਦੀ ਹੈ। ਕਮਿਸ਼ਨ ਨੇ ਸੰਖੇਪ ਬਿਆਨ ’ਚ ਕਿਹਾ ਕਿ ਉਹ ਫ਼ੈਸਲੇ ਦਾ ਅਧਿਐਨ ਕਰਨ ਮਗਰੋਂ ਅਗਲੇ ਸੰਭਾਵੀ ਕਦਮਾਂ ’ਤੇ ਵਿਚਾਰ ਕਰਨਗੇੇ।