ਅਮਰੀਕੀ ਦੌਰੇ ’ਤੇ ਟਰੰਪ ਨੂੰ ਮਿਲਣਗੇ ਮੋਦੀ

ਵਾਸ਼ਿੰਗਟਨ/ਨਿਊਯਾਰਕ-ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਲੇ ਹਫ਼ਤੇ ਆਪਣੀ ਤਿੰਨ ਰੋਜ਼ਾ ਅਮਰੀਕੀ ਫੇਰੀ ਦੌਰਾਨ ਉਨ੍ਹਾਂ ਨਾਲ ਮੁਲਾਕਾਤ ਕਰਨਗੇ। ਮੋਦੀ 21 ਤੋਂ 23 ਸਤੰਬਰ ਤੱਕ ਅਮਰੀਕਾ ਦਾ ਦੌਰਾ ਕਰਨਗੇ, ਜਿਸ ਦੀ ਸ਼ੁਰੂਆਤ ਕੁਆਡ ਆਗੂਆਂ ਦੇ ਸਿਖਰ ਸੰਮੇਲਨ ਨਾਲ ਹੋਵੇਗੀ। ਉਂਝ ਨਵੀਂ ਦਿੱਲੀ ’ਚ ਵਿਦੇਸ਼ ਮੰਤਰਾਲੇ ਨੇ ਟਰੰਪ ਦੇ ਬਿਆਨ ’ਤੇ ਕੋਈ ਪ੍ਰਤੀਕਰਮ ਨਹੀਂ ਦਿੱਤਾ ਹੈ। ਰਿਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਟਰੰਪ ਨੇ ਦਰਾਮਦ ਅਤੇ ਟੈਕਸਾਂ ਦੇ ਮੁੱਦੇ ’ਤੇ ਭਾਰਤ ਦੀ ਆਲੋਚਨਾ ਕਰਦਿਆਂ ਮੋਦੀ ਨੂੰ ‘ਸ਼ਾਨਦਾਰ ਵਿਅਕਤੀ’ ਕਰਾਰ ਦਿੱਤਾ। ਟਰੰਪ ’ਤੇ ਹਮਲੇ ਦੀ ਕੋਸ਼ਿਸ਼ ਮਗਰੋਂ ਫਲਿੰਟ (ਮਿਸ਼ੀਗਨ) ’ਚ ਪਹਿਲੀ ਵਾਰ ਜਨਤਕ ਤੌਰ ’ਤੇ ਨਜ਼ਰ ਆਏ ਸਾਬਕਾ ਰਾਸ਼ਟਰਪਤੀ ਨੇ ਕਿਹਾ, ‘ਉਹ (ਮੋਦੀ) ਅਗਲੇ ਹਫ਼ਤੇ ਮੈਨੂੰ ਮਿਲਣਗੇ ਅਤੇ ਮੋਦੀ ਸ਼ਾਨਦਾਰ ਹਨ। ਮੇਰਾ ਮਤਲਬ ਹੈ ਕਿ ਉਹ ਸ਼ਾਨਦਾਰ ਵਿਅਕਤੀ ਹਨ। ਕਈ ਆਗੂ ਸ਼ਾਨਦਾਰ ਹਨ।’ ਟਰੰਪ ਨੇ ਇਹ ਵੀ ਕਿਹਾ ਭਾਰਤ ਦਰਾਮਦ ’ਤੇ ਭਾਰੀ ਮਹਿਸੂਲ ਲਗਾਉਂਦਾ ਹੈ। ‘ਇਹ ਬਹੁਤ ਚਲਾਕ ਲੋਕ ਹਨ। ਤੁਸੀਂ ਜਾਣਦੇ ਹੋ, ਉਹ ਆਪਣੀਆਂ ਚਾਲਾਂ ’ਚ ਮਾਹਿਰ ਹਨ ਅਤੇ ਇਸ ਦੀ ਵਰਤੋਂ ਸਾਡੇ ਖ਼ਿਲਾਫ਼ ਕਰਦੇ ਹਨ।