ਰਾਸ਼ਟਰਪਤੀ ਵੱਲੋਂ ਔਰਤਾਂ ਨੂੰ ਬਰਾਬਰ ਮੌਕੇ ਦੇਣ ਦੀ ਲੋੜ ’ਤੇ ਜ਼ੋਰ
ਜੈਪੁਰ-ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਕਿਹਾ ਕਿ ਖੋਜ ਅਤੇ ਵਿਕਾਸ ਦੇ ਖੇਤਰ ਵਿੱਚ ਔਰਤਾਂ ਦੀ ਵੱਧ ਤੋਂ ਵੱਧ ਹਿੱਸੇਦਾਰੀ ਨਾ ਸਿਰਫ਼ ਦੇਸ਼ ਦੇ ਸਮਾਜਿਕ ਅਤੇ ਆਰਥਿਕ ਵਿਕਾਸ ਲਈ ਅਹਿਮ ਹੈ, ਸਗੋਂ ਸਾਡੀਆਂ ਧੀਆਂ ਦੇ ਜੀਵਨ ਪੱਧਰ ਵਿੱਚ ਸੁਧਾਰ ਲਈ ਵੀ ਜ਼ਰੂਰੀ ਹੈ। ਉਹ ਇੱਥੇ ਮਾਲਵੀਆ ਨੈਸ਼ਨਲ ਇੰਸਟੀਚਿਊਟ ਆਫ ਟੈਕਨਾਲੋਜੀ (ਐੱਮਐੱਨਆਈਟੀ) ਦੀ ਕਾਨਵੋਕੇਸ਼ਨ ਨੂੰ ਮੁੱਖ ਮਹਿਮਾਨ ਵਜੋਂ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ, ਮੈਂ ਅੱਜ ਜਿਹੜੇ 20 ਸੋਨ ਤਗ਼ਮੇ ਦਿੱਤੇ ਹਨ, ਉਨ੍ਹਾਂ ’ਚੋਂ 12 ਸਾਡੀਆਂ ਧੀਆਂ ਨੇ ਜਿੱਤੇ ਹਨ। ਮੈਡਲ ਜੇਤੂਆਂ ਵਿੱਚ ਧੀਆਂ ਦਾ ਇਹ ਅਨੁਪਾਤ ਇਸ ਗੱਲ ਦਾ ਸਬੂਤ ਹੈ ਕਿ ਜੇ ਉਨ੍ਹਾਂ ਨੂੰ ਬਰਾਬਰ ਮੌਕੇ ਦਿੱਤੇ ਜਾਣ ਤਾਂ ਉਹ ਹਰ ਖੇਤਰ ਵਿੱਚ ਹੋਰ ਬਿਹਤਰ ਹੋ ਸਕਦੀਆਂ ਹਨ। ਮੈਂ ਅੱਜ ਡਿਗਰੀਆਂ ਅਤੇ ਮੈਡਲ ਪ੍ਰਾਪਤ ਕਰਨ ਵਾਲੀਆਂ ਧੀਆਂ ਨੂੰ ਵਿਸ਼ੇਸ਼ ਵਧਾਈ ਦੇਣਾ ਚਾਹਾਂਗੀ। ਖੋਜ ਅਤੇ ਵਿਕਾਸ ਦੇ ਖੇਤਰ ਵਿੱਚ ਔਰਤਾਂ ਦੀ ਵੱਧ ਤੋਂ ਵੱਧ ਹਿੱਸੇਦਾਰੀ ਦੇਸ਼ ਦੇ ਸਮਾਜਿਕ ਅਤੇ ਆਰਥਿਕ ਵਿਕਾਸ ਲਈ ਅਹਿਮ ਹੈੈ।
ਰਾਸ਼ਟਰਪਤੀ ਮੁਰਮੂ ਦੋ ਰੋਜ਼ਾ ਦੌਰੇ ’ਤੇ ਮੱਧ ਪ੍ਰਦੇਸ਼ ਪੁੱਜੇ
ਇੰਦੌਰ-ਰਾਸ਼ਟਰਪਤੀ ਦਰੋਪਦੀ ਮੁਰਮੂ ਮੱਧ ਪ੍ਰਦੇਸ਼ ਦੇ ਆਪਣੇ ਦੋ ਰੋਜ਼ਾ ਦੌਰੇ ਦੇ ਹਿੱਸੇ ਵਜੋਂ ਅੱਜ ਸ਼ਾਮ ਇੰਦੌਰ ਪਹੁੰਚ ਗਏ ਹਨ। ਦੇਵੀ ਅਹਿਲਿਆਬਾਈ ਹੋਲਕਰ ਹਵਾਈ ਅੱਡੇ ’ਤੇ ਰਾਜਪਾਲ ਮੰਗੂਭਾਈ ਪਟੇਲ ਅਤੇ ਮੁੱਖ ਮੰਤਰੀ ਮੋਹਨ ਯਾਦਵ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਰਾਸ਼ਟਰਪਤੀ ਮੁਰਮੂ ਨੇ ਰਾਜ ਸਰਕਾਰ ਦੇ ਮ੍ਰਿਗਨਯਾਨੀ ਟੈਕਸਟਾਈਲ ਇੰਪੋਰੀਅਮ ਦਾ ਦੌਰਾ ਕੀਤਾ।