ਲੈਬਨਾਨ ਵਿੱਚ ਮੰਗਲਵਾਰ ਅਤੇ ਬੁੱਧਵਾਰ ਨੂੰ ਹੋਏ ਪੇਜਰ ਅਤੇ ਵਾਕੀ ਟਾਕੀ ਧਮਾਕਿਆਂ ਨਾਲ ਇਸਰਾਈਲ ਅਤੇ ਹਿਜ਼ਬੁੱਲ੍ਹਾ ਵਿਚਕਾਰ ਚੱਲ ਰਿਹਾ ਟਕਰਾਅ ਹੋਰ ਤੇਜ਼ ਹੋ ਜਾਣ ਦਾ ਖ਼ਦਸ਼ਾ ਹੈ। ਇਨ੍ਹਾਂ ਧਮਾਕਿਆਂ ਵਿੱਚ ਹੁਣ ਤੱਕ ਦੋ ਬੱਚਿਆਂ ਸਣੇ 21 ਜਣੇ ਮਾਰੇ ਗਏ ਅਤੇ ਲਗਭਗ 3300 ਲੋਕ ਜ਼ਖ਼ਮੀ ਹੋ ਗਏ ਹਨ। ਹਿਜ਼ਬੁੱਲ੍ਹਾ ਦੇ ਸੰਚਾਰ ਉਪਕਰਨਾਂ ਨੂੰ ਨਿਸ਼ਾਨਾ ਬਣਾਉਣ ਲਈ ਜਿਸ ਤਰ੍ਹਾਂ ਸੂਖ਼ਮ ਤਕਨੀਕ ਦਾ ਇਸਤੇਮਾਲ ਕੀਤਾ ਗਿਆ ਹੈ ਉਸ ਤੋਂ ਪਤਾ ਲਗਦਾ ਹੈ ਕਿ ਖ਼ਿੱਤੇ ਅੰਦਰ ਸੰਘਰਸ਼ ਲੰਮਾ ਖਿੱਚ ਸਕਦਾ ਹੈ ਅਤੇ ਇਸ ਨਾਲ ਹਿਜ਼ਬੁੱਲ੍ਹਾ ਦੀ ਅਪਰੇਸ਼ਨਲ ਸੁਰੱਖਿਆ ਵਿਚਲੀਆਂ ਖ਼ਾਮੀਆਂ ਵੀ ਉਜਾਗਰ ਹੋ ਗਈਆਂ ਹਨ। ਹਿਜ਼ਬੁੱਲ੍ਹਾ ਲੈਬਨਾਨ ਦੀ ਇੱਕ ਵੱਡੀ ਸ਼ਕਤੀ ਹੈ ਜਿਸ ਦੇ ਇਰਾਨ ਨਾਲ ਸਬੰਧ ਬਣੇ ਹੋਏ ਹਨ ਅਤੇ ਇਤਿਹਾਸਕ ਤੌਰ ’ਤੇ ਨੀਵੀਂ ਤਕਨੀਕ ਦੇ ਉਪਕਰਨਾਂ ਦਾ ਇਸਤੇਮਾਲ ਕਰਦਾ ਰਿਹਾ ਹੈ ਤਾਂ ਕਿ ਇਸਰਾਇਲੀ ਟਰੈਕਿੰਗ ਪ੍ਰਣਾਲੀਆਂ ਤੋਂ ਬਚਿਆ ਜਾ ਸਕੇ। ਦੱਖਣੀ ਬੈਰੂਤ ਅਤੇ ਬਕਾ ਵਾਦੀ ਸਣੇ ਲੈਬਨਾਨ ਦੇ ਬਹੁਤ ਸਾਰੇ ਖੇਤਰਾਂ ਵਿੱਚ ਹਿਜ਼ਬੁੱਲ੍ਹਾ ਲੜਾਕਿਆਂ, ਮੈਡੀਕਲ ਕਰਮੀਆਂ ਅਤੇ ਆਮ ਨਾਗਰਿਕਾਂ ਵਲੋਂ ਵਰਤੇ ਜਾਂਦੇ ਪੇਜਰਾਂ ਵਿੱਚ ਇੱਕੋ ਸਮੇਂ ਵਿਸਫੋਟ ਹੋ ਗਏ। ਇਨ੍ਹਾਂ ਤੋਂ ਇਲਾਵਾ ਸੀਰੀਆ ਵਿੱਚ ਧਮਾਕੇ ਹੋਣ ਅਤੇ ਹਿਜ਼ਬੁੱਲ੍ਹਾ ਲੜਾਕਿਆਂ ਦੇ ਪ੍ਰਭਾਵਿਤ ਹੋਣ ਬਾਰੇ ਪਤਾ ਲੱਗਿਆ ਹੈ। ਇੱਕੋ ਸਮੇਂ ਧਮਾਕੇ ਹੋਣ ਤੋਂ ਸੰਕੇਤ ਮਿਲਦੇ ਹਨ ਕਿ ਹਿਜ਼ਬੁੱਲ੍ਹਾ ਦੀ ਸੰਚਾਰ ਪ੍ਰਣਾਲੀ ਵਿੱਚ ਕੋਈ ਬਾਹਰੀ ਸੰਨ੍ਹ ਲਾਈ ਗਈ ਹੈ ਅਤੇ ਖ਼ਾਸ ਤੌਰ ’ਤੇ ਇਸਰਾਇਲੀ ਖੁਫ਼ੀਆ ਏਜੰਸੀ ’ਤੇ ਇਹ ਹਮਲਾ ਕਰਨ ਦਾ ਸ਼ੱਕ ਹੈ।
ਹਾਲਾਂਕਿ ਇਸਰਾਈਲ ਨੇ ਅਧਿਕਾਰਤ ਰੂਪ ਵਿੱਚ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਪਰ ਰਿਪੋਰਟਾਂ ਵਿੱਚ ਇੱਕ ਵਿਆਪਕ ਅਪਰੇਸ਼ਨ ਵੱਲ ਇਸ਼ਾਰਾ ਕੀਤਾ ਗਿਆ ਹੈ ਜਿਸ ਵਿੱਚ ਪੇਜਰਾਂ ਦੇ ਨਿਰਮਾਣ ਵੇਲੇ ਹੀ ਗੜਬੜ ਕੀਤੇ ਜਾਣ ਦੀ ਗੱਲ ਵੀ ਸ਼ਾਮਿਲ ਹੈ। ਕਿਹਾ ਜਾ ਰਿਹਾ ਹੈ ਕਿ ਪੇਜਰਾਂ ਵਿੱਚ ਵਿਸਫ਼ੋਟਕ ਸਮੱਗਰੀ ਵਰਤੀ ਗਈ ਸੀ ਅਤੇ ਰਿਮੋਟ ਰਾਹੀਂ ਧਮਾਕੇ ਕੀਤੇ ਗਏ ਹਨ। ਇਸ ਹਮਲੇ ਤੋਂ ਇਸਰਾਈਲ ਦੀ ਤਕਨੀਕੀ ਸ਼ਕਤੀ ਅਤੇ ਹਿਜ਼ਬੁੱਲ੍ਹਾ ਦੇ ਗੜ੍ਹ ਵਿੱਚ ਮਾਰ ਕਰਨ ਦੀ ਇੱਛਾ ਸ਼ਕਤੀ ਦਾ ਦਿਖਾਵਾ ਕੀਤਾ ਗਿਆ ਹੈ।
ਇਸ ਘਟਨਾ ਨਾਲ ਖ਼ਿੱਤੇ ਅੰਦਰ ਟਕਰਾਅ ਹੋਰ ਖ਼ਤਰਨਾਕ ਰੂਪ ਅਖ਼ਤਿਆਰ ਕਰਨ ਦੇ ਆਸਾਰ ਹਨ। ਹਿਜ਼ਬੁੱਲ੍ਹਾ ਨੇ ਇਸ ਹਮਲੇ ਦਾ ਢੁਕਵਾਂ ਬਦਲਾ ਲੈਣ ਦਾ ਅਹਿਦ ਕੀਤਾ ਹੈ ਜਿਸ ਨਾਲ ਦੋਵੇਂ ਧਿਰਾਂ ਵਿਚਕਾਰ ਮੁਕੰਮਲ ਜੰਗ ਛਿੜ ਸਕਦੀ ਹੈ। ਪੱਛਮੀ ਏਸ਼ੀਆ ਦੀ ਸਥਿਤੀ ਪਹਿਲਾਂ ਹੀ ਨਾਜ਼ੁਕ ਬਣੀ ਹੋਈ ਹੈ ਅਤੇ ਗਾਜ਼ਾ ਵਿੱਚ ਜਿਸ ਤਰ੍ਹਾਂ ਇਸਰਾਈਲ ਵੱਲੋਂ ਆਮ ਨਾਗਰਿਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਉਸ ਨਾਲ ਸਥਿਤੀ ਬਦਤਰ ਹੋ ਸਕਦੀ ਹੈ। ਹਿਜ਼ਬੁੱਲ੍ਹਾ ਅਤੇ ਇਸਰਾਈਲ ਵੱਲੋਂ ਬਦਲੇ ਦੀਆਂ ਕਾਰਵਾਈਆਂ ਵਿੱਚ ਤੇਜ਼ੀ ਆਉਣ ਦੇ ਆਸਾਰ ਬਣੇ ਹੋਏ ਹਨ। ਇਸ ਹਮਲੇ ਤੋਂ ਇਹ ਗੱਲ ਉਭਰ ਰਹੀ ਹੈ ਕਿ ਤਕਨਾਲੋਜੀ ਨੂੰ ਜੰਗ ਦੇ ਹਥਿਆਰ ਵਜੋਂ ਵਰਤਿਆ ਜਾ ਰਿਹਾ ਹੈ। ਅਜਿਹੇ ਸੰਚਾਰ ਉਪਕਰਨਾਂ ਦੀ ਵਰਤੋਂ ਕਰ ਰਹੇ ਲੋਕਾਂ ਨੂੰ ਜਿਵੇਂ ਨਿਸ਼ਾਨਾ ਬਣਾਇਆ ਗਿਆ ਹੈ, ਉਸ ਨਾਲ ਇੱਕ ਖ਼ਤਰਨਾਕ ਮਿਸਾਲ ਪੈਦਾ ਹੋ ਗਈ ਹੈ ਅਤੇ ਇਹ ਰੁਝਾਨ ਬਹੁਤ ਘਾਤਕ ਸਾਬਿਤ ਹੋ ਸਕਦਾ ਹੈ। ਫ਼ਿਲਹਾਲ ਕਿਆਸ ਕਰਨਾ ਵੀ ਮੁਸ਼ਕਿਲ ਹੈ ਕਿ ਇਹ ਟਕਰਾਅ ਕਿਹੋ ਜਿਹਾ ਰੂਪ ਧਾਰਨ ਕਰ ਸਕਦਾ ਹੈ