ਮਨੀਪੁਰ ਵਿੱਚ ਤਾਜ਼ਾ ਗੋਲੀਬਾਰੀ: ਜਵਾਬੀ ਕਾਰਵਾਈ ਨੇ ਅਤਿਵਾਦੀਆਂ ਨੂੰ ਭੱਜਣ ਲਈ ਮਜਬੂਰ ਕੀਤਾ

ਇੰਫਾਲ- ਕੁਝ ਦਿਨਾਂ ਦੀ ਸ਼ਾਂਤੀ ਤੋਂ ਬਾਅਦ ਮਨੀਪੁਰ ਦੇ ਜਿਰੀਬਾਮ ਜ਼ਿਲ੍ਹੇ ਦੇ ਮੋਂਗਬੁੰਗ ਮੇਤੇਈ ਪਿੰਡ ਵਿੱਚ ਸ਼ੱਕੀ ਅਤਿਵਾਦੀਆਂ ਨੇ ਗੋਲੀਬਾਰੀ ਕੀਤੀ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸ਼ੱਕੀ ਅਤਿਵਾਦੀਆਂ ਨੇ ਮੰਗਲਵਾਰ ਰਾਤ ਨੂੰ ਆਪਣੇ ਆਧੁਨਿਕ ਹਥਿਆਰਾਂ ਨਾਲ ਕਈ ਗੋਲੀਆਂ ਚਲਾਈਆਂ ਅਤੇ ਪਿੰਡ ਦੇ ਹਥਿਆਰਬੰਦ ਵਾਲੰਟੀਅਰਾਂ ਦੀ ਜਵਾਬੀ ਕਾਰਵਾਈ ਤੋਂ ਬਾਅਦ ਉਹ ਭੱਜ ਗਏ।

ਅਧਿਕਾਰੀ ਨੇ ਦੱਸਿਆ ਕਿ ਅੱਧੇ ਘੰਟੇ ਤੱਕ ਚੱਲੀ ਗੋਲੀਬਾਰੀ ਵਿੱਚ ਕਿਸੇ ਦੇ ਜ਼ਖਮੀ ਹੋਣੋ ਬਚਾਅ ਰਿਹਾ। ਇਸ ਦੌਰਾਨ ਸੰਯੁਕਤ ਸੁਰੱਖਿਆ ਬਲਾਂ ਨੇ ਇਲਾਕੇ ’ਚ ਪਹੁੰਚ ਕੇ ਅਤਿਵਾਦੀਆਂ ਦੀ ਭਾਲ ਲਈ ਮੁਹਿੰਮ ਚਲਾਈ ਹੈ।

ਜ਼ਿਕਰਯੋਗ ਹੈ ਕਿ 1 ਤੋਂ 7 ਸਤੰਬਰ ਦਰਮਿਆਨ ਵੱਖ-ਵੱਖ ਜ਼ਿਲ੍ਹਿਆਂ ਵਿਚ ਹਿੰਸਾ ਦੀਆਂ ਕਈ ਘਟਨਾਵਾਂ ਤੋਂ ਬਾਅਦ ਕੁਝ ਜ਼ਿਲ੍ਹਿਆਂ ਵਿਚ ਸੁਰੱਖਿਆ ਨੂੰ ਹੋਰ ਸਖ਼ਤ ਕਰ ਦਿੱਤਾ ਗਿਆ ਹੈ, ਇਨ੍ਹਾਂ ਘਟਨਾਵਾਂ ਵਿਚ 20 ਲੋਕ ਜ਼ਖਮੀ ਹੋਏ ਸਨ ਅਤੇ ਦੋ ਔਰਤਾਂ ਸਮੇਤ 12 ਦੀ ਮੌਤ ਹੋ ਗਈ ਸੀ।