ਆਤਿਸ਼ੀ ਬਣੀ ਦਿੱਲੀ ਦੀ ਤੀਜੀ ਮਹਿਲਾ ਮੁੱਖ ਮੰਤਰੀ

ਨਵੀਂ ਦਿੱਲੀ : (Delhi New Chief Minister Updates) ਆਮ ਆਦਮੀ ਪਾਰਟੀ ਨੇ ਦਿੱਲੀ ਦੀ ਨਵੀਂ ਮੁੱਖ ਮੰਤਰੀ ਵਜੋਂ ਆਤਿਸ਼ੀ ਮਾਰਲੇਨਾ ਦੇ ਨਾਂ ਦਾ ਐਲਾਨ ਕੀਤਾ ਹੈ। ਅਰਵਿੰਦ ਕੇਜਰੀਵਾਲ ਦੇ ਅਸਤੀਫੇ ਤੋਂ ਬਾਅਦ ਹੁਣ ਆਤਿਸ਼ੀ ਉਨ੍ਹਾਂ ਦੀ ਜਗ੍ਹਾ ਲੈਣਗੇ। ਅਰਵਿੰਦ ਕੇਜਰੀਵਾਲ ਅੱਜ ਲੈਫਟੀਨੈਂਟ ਗਵਰਨਰ ਵੀਕੇ ਸਕਸੈਨਾ ਨੂੰ ਮਿਲ ਕੇ ਆਪਣਾ ਅਸਤੀਫਾ ਸੌਂਪ ਸਕਦੇ ਹਨ। ਮਨੀਸ਼ ਸਿਸੋਦੀਆ ਸਮੇਤ ਕਈ ਸੀਨੀਅਰ ਨੇਤਾਵਾਂ ਨੇ ਆਤਿਸ਼ੀ ਦਾ ਨਾਂ ਪ੍ਰਸਤਾਵਿਤ ਕੀਤਾ।

ਕੇਜਰੀਵਾਲ ਮੰਗਲਵਾਰ ਸ਼ਾਮ 4:30 ਵਜੇ ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਨਾਲ ਮੁਲਾਕਾਤ ਕਰ ਸਕਦੇ ਹਨ। ਕੇਜਰੀਵਾਲ ਨੇ ਐਤਵਾਰ 15 ਸਤੰਬਰ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਸੀ।

ਇਸ ਤੋਂ ਪਹਿਲਾਂ ਨਵੇਂ ਮੁੱਖ ਮੰਤਰੀ ਦੇ ਨਾਂ ਨੂੰ ਲੈ ਕੇ ਕਾਫੀ ਅਟਕਲਾਂ ਲਾਈਆਂ ਜਾ ਰਹੀਆਂ ਸਨ। ਇੱਥੋਂ ਤੱਕ ਕਿਹਾ ਗਿਆ ਕਿ ‘ਆਪ’ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਿਸੇ ਹੋਰ ਨਾਂ ਦੀ ਪੁਸ਼ਟੀ ਕਰਕੇ ਸਾਰਿਆਂ ਨੂੰ ਹੈਰਾਨ ਕਰ ਸਕਦੀ ਹੈ। ਹਾਲਾਂਕਿ ਹੁਣ ਇਸ ਦਾ ਅੰਤਿਮ ਫੈਸਲਾ ਲਿਆ ਗਿਆ ਹੈ।

ਆਤਿਸ਼ੀ ਦਿੱਲੀ ਦੀ ਨਵੀਂ ਅਤੇ ਤੀਜੀ ਮਹਿਲਾ ਮੁੱਖ ਮੰਤਰੀ ਹੋਵੇਗੀ। ਇਸ ਤੋਂ ਪਹਿਲਾਂ ਸੁਸ਼ਮਾ ਸਵਰਾਜ ਅਤੇ ਸ਼ੀਲਾ ਦੀਕਸ਼ਿਤ ਮੁੱਖ ਮੰਤਰੀ ਰਹਿ ਚੁੱਕੇ ਹਨ। ਆਤਿਸ਼ੀ ਦੇ ਮੁੱਖ ਮੰਤਰੀ ਬਣਨ ਨਾਲ ਪਾਰਟੀ ‘ਚ ਉਨ੍ਹਾਂ ਦਾ ਕੱਦ ਹੋਰ ਵਧ ਗਿਆ ਹੈ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਵਿਧਾਇਕ ਦਲ ਦੀ ਬੈਠਕ ਹੋਈ। ਇਸ ਮੀਟਿੰਗ ਤੋਂ ਬਾਅਦ ਨਵੇਂ ਮੁੱਖ ਮੰਤਰੀ ਦਾ ਐਲਾਨ ਕੀਤਾ ਗਿਆ। ਵਿਧਾਇਕ ਦਲ ਦੀ ਮੀਟਿੰਗ ਦੀ ਸ਼ੁਰੂਆਤ ਜਥੇਬੰਦੀ ਦੇ ਜਨਰਲ ਸਕੱਤਰ ਸੰਦੀਪ ਪਾਠਕ ਨੇ ਵਿਧਾਇਕਾਂ ਨੂੰ ਸੰਬੋਧਨ ਕਰਕੇ ਕੀਤੀ।

ਦਿੱਲੀ ਦੇ ਮੁੱਖ ਮੰਤਰੀ ਬਣਨ ਦੀ ਦੌੜ ਵਿੱਚ ਆਤਿਸ਼ੀ ਦਾ ਨਾਂ ਸਭ ਤੋਂ ਉੱਪਰ ਸੀ। ਸੌਰਭ ਭਾਰਦਵਾਜ ਨੇ ਦੱਸਿਆ ਕਿ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਮੁੱਖ ਮੰਤਰੀ ਦਾ ਅਹੁਦਾ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਤੋਂ ਇਲਾਵਾ ਦਿੱਲੀ ਦੇ ਮੁੱਖ ਮੰਤਰੀ ਦਾ ਫੈਸਲਾ ਹੋਣ ਤੋਂ ਬਾਅਦ 26 ਅਤੇ 27 ਸਤੰਬਰ ਨੂੰ ਵਿਧਾਨ ਸਭਾ ਸੈਸ਼ਨ ਵੀ ਬੁਲਾਇਆ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਆਤਿਸ਼ੀ ਤੋਂ ਇਲਾਵਾ ਸੌਰਭ ਭਾਰਦਵਾਜ ਅਤੇ ਕੈਲਾਸ਼ ਗਹਿਲੋਤ ਦਾ ਨਾਂ ਵੀ ਸਾਹਮਣੇ ਆਇਆ ਸੀ।

ਆਮ ਆਦਮੀ ਪਾਰਟੀ ਦੇ ਵਿਧਾਇਕ ਦਲ ਦੀ ਮੀਟਿੰਗ ‘ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਮੇਤ ਕਈ ਵੱਡੇ ਨੇਤਾ ਮੌਜੂਦ ਰਹੇ। ਦਿੱਲੀ ਦੇ ਨਵੇਂ ਮੁੱਖ ਮੰਤਰੀ ਦੇ ਨਾਂ ‘ਤੇ ਵਿਧਾਇਕ ਦਲ ਦੀ ਬੈਠਕ ‘ਚ ਚਰਚਾ ਹੋਈ। ਮੀਟਿੰਗ ਤੋਂ ਬਾਅਦ ਦੁਪਹਿਰ 12 ਵਜੇ ਨਵੇਂ ਮੁੱਖ ਮੰਤਰੀ ਦੇ ਨਾਂ ਦਾ ਐਲਾਨ ਕੀਤਾ ਗਿਆ।