ਰਾਕੇਸ਼ ਜੇਠੀ, ਪੰਜਾਬੀ ਜਾਗਰਣ, ਹੰਡਿਆਇਆ ਕੇਂਦਰ ਸਰਕਾਰ ਦੁਆਰਾ ਆਯੁਸ਼ਮਾਨ ਯੋਜਨਾ ਦੇ ਤਹਿਤ 70 ਸਾਲ ਤੋਂ ਵੱਡੇ ਬਜ਼ੁਰਗਾਂ ਨੂੰ ਮੁਫ਼ਤ ਇਲਾਜ਼ ਲਈ ਜੋੜਨ ਦਾ ਸਵਾਗਤ ਕਰਦਿਆਂ ਸਾਬਕਾ ਪ੍ਰਧਾਨ ਨਗਰ ਪੰਚਾਇਤ ਹੰਡਿਆਇਆ ਅਸ਼ਵਨੀ ਕੁਮਾਰ ਸ਼ਰਮਾ ਨੇ ਕਿਹਾ ਕਿ ਕੇਂਦਰ ਸਰਕਾਰ ਦੁਆਰਾ ਬਜ਼ੁਰਗਾਂ ਲਈ ਚੁੱਕਿਆ ਗਿਆ ਇਹ ਕਦਮ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਦੇਸ਼ ’ਚ ਅਜਿਹੇ ਬਹੁਤ ਸਾਰੇ ਬਜ਼ੁਰਗ ਹਨ, ਜਿਨਾਂ ਕੋਲ ਆਮਦਨ ਦਾ ਕੋਈ ਸਾਧਨ ਨਹੀਂ ਹੈ ਤੇ ਅਜਿਹੀ ਹਾਲਤ ’ਚ ਉਨ੍ਹਾਂ ਨੂੰ ਬਿਨਾਂ ਇਲਾਜ਼ ਤੋਂ ਮੁਸ਼ਕਿਲਾਂ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਹੋਣਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਦੀ ਇਸ ਯੋਜਨਾ ਤਹਿਤ ਹੁਣ 70 ਸਾਲ ਤੋਂ ਉੱਪਰ ਦੇ ਬਜ਼ੁਰਗ ਆਯੁਸ਼ਮਾਨ ਯੋਜਨਾ ਦੇ ਤਹਿਤ ਪੰਜ ਲੱਖ ਤੱਕ ਦਾ ਇਲਾਜ਼ ਕਿਸੇ ਵੀ ਹਸਪਤਾਲ ’ਚ ਮੁਫ਼ਤ ਕਰਵਾ ਸਕਦੇ ਹਨ। ਪਤੀ-ਪਤਨੀ ਦੇ ਕੇਸ ’ਚ ਦੋਨਾਂ ਨੂੰ 10 ਲੱਖ ਰੁਪਏ ਤੱਕ ਦੇ ਇਲਾਜ ਦਾ ਫਾਇਦਾ ਮਿਲੇਗਾ। ਇਸ ਯੋਜਨਾ ਦਾ ਸਭ ਤੋਂ ਵੱਡਾ ਫਾਇਦਾ ਬਿਰਧ ਆਸ਼ਰਮ ’ਚ ਰਹਿਣ ਵਾਲੇ ਉਨ੍ਹਾਂ ਬਜ਼ੁਰਗਾਂ ਨੂੰ ਮਿਲੇਗਾ, ਜਿਨਾਂ ਕੋਲ ਆਮਦਨ ਦਾ ਕੋਈ ਸਾਧਨ ਨਹੀਂ ਹੈ ਤੇ ਉਹ ਆਪਣੇ ਇਲਾਜ ਲਈ ਸੰਸਥਾਵਾਂ ਤੇ ਦਾਨੀ ਸੱਜਣਾਂ ਦੀ ਮਦਦ ’ਤੇ ਨਿਰਭਰ ਰਹਿੰਦੇ ਹਨ। ਉਨ੍ਹਾਂ ਲੋਕ ਭਲਾਈ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਅਜਿਹੇ ਜ਼ਰੂਰਤਮੰਦ ਬਜ਼ੁਰਗਾਂ ਦੇ ਆਯੁਸ਼ਮਾਨ ਕਾਰਡ ਬਣਾਉਣ ਦਾ ਉਪਰਾਲਾ ਕੀਤਾ ਜਾਵੇ ਤਾਂ ਜੋ ਸਮਾਜ ਨੂੰ ਕੇਂਦਰ ਸਰਕਾਰ ਦੀ ਇਸ ਯੋਜਨਾ ਦਾ ਫਾਇਦਾ ਮਿਲ ਸਕੇ।
ਬਜ਼ੁਰਗਾਂ ਲਈ ਆਯੁਸ਼ਮਾਨ ਯੋਜਨਾ ਲਾਗੂ ਕਰਨ ਦਾ ਸਵਾਗਤ : ਅਸ਼ਵਨੀ ਕੁਮਾਰ
