ਵਿਦੇਸ਼ ਮੰਤਰੀ ਜੈਸ਼ੰਕਰ ਸਾਊਦੀ ਅਰਬ ਪੁੱਜੇ

ਰਿਆਧ – ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਭਾਰਤ-ਖਾੜੀ ਸਹਿਯੋਗ ਕੌਂਸਲ (ਜੀਸੀਸੀ) ਦੇ ਵਿਦੇਸ਼ ਮੰਤਰੀਆਂ ਦੀ ਪਹਿਲੀ ਮੀਟਿੰਗ ਵਿੱਚ ਹਿੱਸਾ ਲੈਣ ਲਈ ਅੱਜ ਦੋ ਦਿਨਾਂ ਦੌਰੇ ’ਤੇ ਰਿਆਧ ਪਹੁੰਚ ਗਏ। ਜੈਸ਼ੰਕਰ ਤਿੰਨ ਦੇਸ਼ਾਂ ਦੀ ਯਾਤਰਾ ਦੇ ਪਹਿਲੇ ਪੜਾਅ ਤਹਿਤ ਸਾਊਦੀ ਅਰਬ ਦੀ ਰਾਜਧਾਨੀ ਪਹੁੰਚੇ ਹਨ। ਇਸ ਤੋਂ ਬਾਅਦ ਉਹ ਜਰਮਨੀ ਅਤੇ ਸਵਿਟਜ਼ਰਲੈਂਡ ਜਾਣਗੇ।

ਵਿਦੇਸ਼ ਮੰਤਰੀ ਨੇ ‘ਐਕਸ’ ਉੱਤੇ ਪੋਸਟ ਵਿੱਚ ਕਿਹਾ, ‘‘ਭਾਰਤ-ਖਾੜੀ ਸਹਿਯੋਗ ਕੌਂਸਲ ਦੇ ਵਿਦੇਸ਼ ਮੰਤਰੀਆਂ ਦੀ ਪਹਿਲੀ ਮੀਟਿੰਗ ਵਿੱਚ ਹਿੱਸਾ ਲੈਣ ਲਈ ਸਾਊਦੀ ਅਰਬ ਦੀ ਰਾਜਧਾਨੀ ਰਿਆਧ ਪਹੁੰਚਿਆ। ਨਿੱਘੇ ਸਵਾਗਤ ਵਾਸਤੇ ਪ੍ਰੋਟੋਕੋਲ ਮਾਮਲਿਆਂ ਦੇ ਉਪ ਮੰਤਰੀ, ਅਬਦੁਲਮਜੀਦ ਅਲ ਸਮਰੀ ਦਾ ਧੰਨਵਾਦ।’’

ਜੀਸੀਸੀ ਇੱਕ ਪ੍ਰਭਾਵਸ਼ਾਲੀ ਗਰੁੱਪ ਹੈ ਜਿਸ ਵਿੱਚ ਸੰਯੁਕਤ ਅਰਬ ਅਮੀਰਾਤ (ਯੂਏਈ), ਬਹਿਰੀਨ, ਸਾਊਦੀ ਅਰਬ, ਓਮਾਨ, ਕਤਰ ਅਤੇ ਕੁਵੈਤ ਸ਼ਾਮਲ ਹਨ। ਵਿੱਤੀ ਸਾਲ 2022-23 ਵਿੱਚ ਜੀਸੀਸੀ ਦੇਸ਼ਾਂ ਨਾਲ ਭਾਰਤ ਦਾ ਕੁੱਲ ਵਪਾਰ 184.46 ਅਰਬ ਅਮਰੀਕੀ ਡਾਲਰ ਸੀ। ਰਿਆਧ ਵਿੱਚ ਜੈਸ਼ੰਕਰ ਵੱਲੋਂ ਕਈ ਜੀਸੀਸੀ ਮੈਂਬਰ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨਾਲ ਦੁਵੱਲੀ ਮੀਟਿੰਗਾਂ ਕਰਨ ਦੀ ਵੀ ਸੰਭਾਵਨਾ ਹੈ।

ਬਾਅਦ ਵਿੱਚ ਜੈਸ਼ੰਕਰ ਨੇ ਰਿਆਧ ਵਿੱਚ ਸਾਊਦੀ ਅਰਬ ਦੇ ਕੌਮੀ ਅਜਾਇਬ-ਘਰ ਅਤੇ ਕਿੰਗ ਅਬਦੁਲਅਜ਼ੀਜ਼ ਫਾਊਂਡੇਸ਼ਨ ਫਾਰ ਰਿਸਰਚ ਐਂਡ ਆਰਕਾਈਵਜ਼ ਦਾ ਦੌਰਾ ਕੀਤਾ। ਉਨ੍ਹਾਂ ਇੱਕ ਹੋਰ ਪੋਸਟ ਵਿੱਚ ਕਿਹਾ, ‘‘ਭਾਰਤ ਦੇ ਡੂੰਘੇ ਇਤਿਹਾਸਕ ਸਬੰਧ ਨੂੰ ਸਾਹਮਣੇ ਲਿਆਂਦਾ ਗਿਆ ਜੋ ਹੁਣ ਇੱਕ ਮਜ਼ਬੂਤ ਸਮਕਾਲੀ ਸਬੰਧ ਵਿਕਸਤ ਕਰਨ ਦੀ ਬੁਨਿਆਦ ਵਜੋਂ ਕੰਮ ਕਰਦਾ ਹੈ।’’

ਯਾਤਰਾ ਤੋਂ ਪਹਿਲਾਂ ਵਿਦੇਸ਼ ਮੰਤਰੀ ਨੇ ਸ਼ਨਿੱਚਰਵਾਰ ਨੂੰ ਨਵੀਂ ਦਿੱਲੀ ਵਿੱਚ ਕਿਹਾ ਸੀ ਕਿ ਭਾਰਤ ਅਤੇ ਜੀਸੀਸੀ ਦਰਮਿਆਨ ਡੂੰਘੇ ਤੇ ਬਹੁ-ਪੱਖੀ ਸਬੰਧ ਹਨ ਜਿਸ ਵਿੱਚ ਵਪਾਰ ਅਤੇ ਨਿਵੇਸ਼, ਊਰਜਾ, ਸਭਿਆਚਾਰ ਅਤੇ ਲੋਕਾਂ ਦਰਮਿਆਨ ਆਪਸੀ ਸਬੰਧ ਸ਼ਾਮਲ ਹਨ। ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ, ‘‘ਜੀਸੀਸੀ ਖੇਤਰ ਭਾਰਤ ਲਈ ਇੱਕ ਅਹਿਮ ਵਪਾਰਕ ਭਾਈਵਾਲ ਵਜੋਂ ਉਭਰਿਆ ਹੈ ਅਤੇ ਇੱਥੇ ਭਾਰਤੀ ਪਰਵਾਸੀ ਭਾਈਚਾਰੇ ਦੇ ਲਗਪਗ 89 ਲੱਖ ਲੋਕ ਰਹਿੰਦੇ।’’

ਇਸ ਵਿੱਚ ਕਿਹਾ ਗਿਆ, ‘‘ਵਿਦੇਸ਼ ਮੰਤਰੀਆਂ ਦੀ ਮੀਟਿੰਗ ਭਾਰਤ ਅਤੇ ਜੀਸੀਸੀ ਦਰਮਿਆਨ ਵੱਖ-ਵੱਖ ਖੇਤਰਾਂ ਦੇ ਸੰਸਥਾਗਤ ਸਹਿਯੋਗ ਦੀ ਸਮੀਖਿਆ ਕਰਨ ਅਤੇ ਉਸ ਨੂੰ ਡੂੰਘਾ ਕਰਨ ਦਾ ਇੱਕ ਮੌਕਾ ਹੋਵੇਗਾ। ਜੈਸ਼ੰਕਰ ਰਿਆਧ ਤੋਂ ਜਰਮਨੀ ਜਾਣਗੇ ਜਿਥੇ ਉਹ ਜਰਮਨ ਵਿਦੇਸ਼ ਮੰਤਰੀ ਦੇ ਨਾਲ-ਨਾਲ ਜਰਮਨ ਸਰਕਾਰ ਦੀ ਲੀਡਰਸ਼ਿਪ ਅਤੇ ਹੋਰ ਮੰਤਰੀਆਂ ਨਾਲ ਮੁਲਾਕਾਤ ਕਰਕੇ ਦੁਵੱਲੇ ਸਬੰਧਾਂ ਦੇ ਸਾਰੇ ਪਹਿਲੂਆਂ ਦੀ ਸਮੀਖਿਆ ਕਰਨਗੇ।