ਚੰਡੀਗੜ੍ਹ : ਉੱਤਰੀ ਰੇਲਵੇ (Northern Railway) ਨੇ ਬਜਰੰਗ ਪੂਨੀਆ (Bajrang Punia) ਅਤੇ ਵਿਨੇਸ਼ ਫੋਗਾਟ (Vinesh Phogat) ਦਾ ਅਸਤੀਫਾ ਸਵੀਕਾਰ ਕਰ ਲਿਆ ਹੈ। ਹੁਣ ਦੋਵਾਂ ਪਹਿਲਵਾਨਾਂ ਲਈ ਵਿਧਾਨ ਸਭਾ ਚੋਣ ਲੜਨ ਦਾ ਰਸਤਾ ਸਾਫ਼ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਕਾਂਗਰਸ ‘ਚ ਸ਼ਾਮਿਲ ਹੋਣ ਤੋਂ ਪਹਿਲਾਂ ਦੋਵੇਂ ਪਹਿਲਵਾਨਾਂ ਨੇ ਰੇਲਵੇ ਦੀ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਸੀ।
ਹਾਲਾਂਕਿ ਦੋਵਾਂ ਪਹਿਲਵਾਨਾਂ ਦੇ ਅਸਤੀਫ਼ੇ ਸਵੀਕਾਰ ਕਰਨ ਵਿਚ ਰੇਲਵੇ ਨਿਯਮ ਰੁਕਾਵਟ ਬਣ ਰਹੇ ਸਨ। ਕਿਆਸ ਲਗਾਏ ਜਾ ਰਹੇ ਸਨ ਕਿ ਫੋਗਾਟ ਤਿੰਨ ਮਹੀਨਿਆਂ ਦੇ ਨੋਟਿਸ ਮਿਆਦ ਦੇ ਨਿਯਮ ਕਾਰਨ ਚੋਣ ਨਾ ਲੜ ਸਕੇ। ਨਿਯਮਾਂ ਮੁਤਾਬਕ ਉਹ ਰੇਲਵੇ ਦੇ ਅਹੁਦੇ ਤੋਂ ਮੁਕਤ ਹੋਣ ਜਾਂ ਅਸਤੀਫਾ ਮਨਜ਼ੂਰ ਹੋਣ ਤੋਂ ਬਾਅਦ ਹੀ ਚੋਣ ਲੜ ਸਕਦੀ ਹੈ। ਰੇਲਵੇ ਨੇ ਅੱਜ ਉਨ੍ਹਾਂ ਦਾ ਅਸਤੀਫਾ ਪ੍ਰਵਾਨ ਕਰ ਲਿਆ ਹੈ।
ਜ਼ਿਕਰਯੋਗ ਹੈ ਕਿ ਵਿਨੇਸ਼ ਫੋਗਾਟ ਅਤੇ ਬਜਰੰਗ ਪੂਨੀਆ ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਵਿਚ ਸ਼ਾਮਿਲ ਹੋਏ ਹਨ। ਕਾਂਗਰਸ ਨੇ ਵਿਨੇਸ਼ ਨੂੰ ਜੁਲਾਨਾ ਵਿਧਾਨ ਸਭਾ ਸੀਟ ਤੋਂ ਉਮੀਦਵਾਰ ਬਣਾਇਆ ਹੈ। ਉੱਥੇ ਹੀ ਬਜਰੰਗ ਨੂੰ ਅਜੇ ਤੱਕ ਟਿਕਟ ਨਹੀਂ ਮਿਲੀ ਹੈ ਪਰ ਬਜਰੰਗ ਨੇ ਰੇਲਵੇ ਦੀ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਹੈ।
ਕਾਂਗਰਸ ‘ਚ ਸ਼ਾਮਿਲ ਹੋਣ ਤੋਂ ਬਾਅਦ ਕੁਸ਼ਤੀ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸਿੰਘ ਨੇ ਦੋਵਾਂ ਪਹਿਲਵਾਨਾਂ ‘ਤੇ ਹਮਲਾ ਬੋਲਿਆ। ਉਸ ਨੇ ਕਿਹਾ ਕਿ ਪਹਿਲਵਾਨਾਂ ਦਾ ਪੂਰਾ ਅੰਦੋਲਨ ਸਾਮੈਨੂੰ ਬਦਨਾਮ ਕਰਨ ਲਈ ਸੀ। ਮੈਂ ਪਹਿਲਾਂ ਹੀ ਕਹਿ ਰਿਹਾ ਹਾਂ ਕਿ ਪਹਿਲਵਾਨਾਂ ਦਾ ਅੰਦੋਲਨ ਪੂਰੀ ਤਰ੍ਹਾਂ ਰਾਜਨੀਤੀ ਤੋਂ ਪ੍ਰੇਰਿਤ ਸੀ, ਜਿਸ ਦੀ ਸਕ੍ਰਿਪਟ ਭੁਪਿੰਦਰ ਸਿੰਘ ਹੁੱਡਾ ਨੇ ਲਿਖੀ ਸੀ।
ਹਰਿਆਣਾ ਵਿਚ ਵਿਧਾਨ ਸਭਾ ਚੋਣਾਂ 5 ਅਕਤੂਬਰ ਨੂੰ ਹਨ। ਸਾਰੀਆਂ 90 ਸੀਟਾਂ ‘ਤੇ ਇੱਕੋ ਪੜਾਅ ‘ਚ ਵੋਟਿੰਗ ਹੋਵੇਗੀ। ਵੋਟਾਂ ਦੀ ਗਿਣਤੀ 8 ਅਕਤੂਬਰ ਨੂੰ ਹੋਵੇਗੀ।