ਰਿਆਧ- ਅਦਾਕਾਰ ਰਿਤਿਕ ਰੌਸ਼ਨ ਨੂੰ ਇਥੇ ਜੁਆਏ ਐਵਾਰਡ 2025 ਸਮਾਗਮ ਦੌਰਾਨ ਬੌਲੀਵੁੱਡ ਵਿੱਚ 25 ਸਾਲ ਪੂਰੇ ਕਰਨ ’ਤੇ ਗਲੋਬਲ ਅਚੀਵਮੈਂਟ ਐਵਾਰਡ ਨਾਲ ਸਨਮਾਨਿਆ ਗਿਆ। ਇਸ ਦੌਰਾਨ ਫਿਲਮਕਾਰ ਮਾਈਕ ਫਲਾਨਾਗਨ ਨੇ ਰਿਤਿਕ ਨੂੰ ਸਨਮਾਨ ਦਿੰਦਿਆਂ ਉਸ ਦੇ ਬਿਹਤਰੀਨ ਕਰੀਅਰ ਦੀ ਸ਼ਲਾਘਾ ਕੀਤੀ। ਇਸ ਸਬੰਧੀ ਜੁਆਏ ਐਵਾਰਡ ਦੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲ ਤੋਂ ਅਦਾਕਾਰ ਦੇ ਐਵਾਰਡ ਹਾਸਲ ਕਰਨ ਤੇ ਸੰਬੋਧਨ ਦਾ ਵੀਡੀਓ ਵੀ ਸਾਂਝਾ ਕੀਤਾ ਗਿਆ ਹੈ। ਐਵਾਰਡ ਦੇਣ ਮੌਕੇ ਮਾਈਕ ਨੇ ਕਿਹਾ ਕਿ ਅੱਜ ਅਸੀਂ ਉਸ ਅਦਾਕਾਰ ਦੀ ਪ੍ਰਾਪਤੀ ਦਾ ਜਸ਼ਨ ਮਨਾ ਰਹੇ ਹਾਂ ਜਿਸ ਨੇ ਆਪਣੀ ਅਦਾਕਾਰੀ ਨਾਲ ਦੋ ਦਹਾਕਿਆਂ ਤਕ ਸਿਨੇਮਾ ਲਈ ਯੋਗਦਾਨ ਪਾਇਆ ਹੈ। ਸ਼ਾਨਦਾਰ ਪ੍ਰਦਰਸ਼ਨ ਕਰਨ ਨਾਲ ਇੱਕ ਸਟਾਰ ਬਣਨ ਸਣੇ ਉਸ ਨੇ ਆਪਣੇ ਹਰ ਕਿਰਦਾਰ ਨਾਲ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ ਹੈ। ਭਾਰਤੀ ਸਿਨੇਮਾ ਵਿੱਚ ਦੋ ਦਹਾਕਿਆਂ ਤਕ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਵਾਲਾ ਰਿਤਿਕ ਬੌਲੀਵੁੱਡ ਵਿੱਚ ਵੱਖਰੀ ਪਛਾਣ ਰੱਖਦਾ ਹੈ। ਉਸ ਨੇ ਕਈ ਹਿੱਟ ਫਿਲਮਾਂ ਜਿਵੇਂ ‘ਕਹੋ ਨਾ ਪਿਆਰ ਹੈ’, ‘ਕੋਈ ਮਿਲ ਗਿਆ’, ‘ਲਕਸ਼ਯ’, ‘ਧੂਮ2’, ‘ਕ੍ਰਿਸ਼’, ‘ਜੋਧਾ ਅਕਬਰ’, ਗੁਜ਼ਾਰਿਸ਼’, ‘ਜ਼ਿੰਦਗੀ ਨਾ ਮਿਲੇਗੀ ਦੁਬਾਰਾ’, ‘ਕਾਬਿਲ’, ‘ਸੁਪਰ30’ ਆਦਿ ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮੰਨਵਾਇਆ ਹੈ। ਇਹ ਸਨਮਾਨ ਮਿਲਣ ’ਤੇ ਅਦਾਕਾਰ ਨੇ ਜੁਆਏ ਐਵਾਰਡਜ਼ ਦਾ ਧੰਨਵਾਦ ਕੀਤਾ ਹੈ। ਇਸ ਸ਼ੋਅ ਦੇ ਜੇਤੂਆਂ ਦੀ ਚੋਣ ਖ਼ੁਦ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਕਾਸਿਮ ਨੇ ਕੀਤੀ ਹੈ।
ਰਿਤਿਕ ਰੌਸ਼ਨ ਦਾ ਗਲੋਬਲ ਅਚੀਵਮੈਂਟ ਐਵਾਰਡ ਨਾਲ ਸਨਮਾਨ
