ਫਗਵਾੜਾ-ਐਸੋਸੀਏਸ਼ਨ ਆਫ ਇੰਡੀਅਨ ਯੂਨੀਵਰਸਿਟੀਜ਼ (ਏ.ਆਈ.ਯੂ.) ਵੱਲੋਂ ਜੀਐੱਨਏ ਯੂਨੀਵਰਸਿਟੀ ਵਿੱਚ ਕਰਵਾਇਆ ਆਲ ਇੰਡੀਆ ਇੰਟਰ ਯੂਨੀਵਰਸਿਟੀ ਫੁਟਬਾਲ ਟੂਰਨਾਮੈਂਟ (ਮਹਿਲਾ) ਅੱਜ ਸਮਾਪਤ ਹੋ ਗਿਆ ਹੈ। ਟੂਰਨਾਮੈਂਟ ’ਚ ਦੇਸ਼ ਦੇ ਚਾਰੇ ਜ਼ੋਨਾਂ ਦੀਆਂ ਟੀਮਾਂ ਨੇ ਹਿੱਸਾ ਲਿਆ। ਪਹਿਲੇ ਤਿੰਨ ਦਿਨਾਂ ’ਚ 16 ਟੀਮਾਂ ਦੇ ਗਰੁੱਪ ਮੈਚ ਕਰਵਾਏ ਗਏ। ਚੌਥੇ ਦਿਨ ਕੁਆਰਟਰ ਫਾਈਨਲ ਲਈ ਚੋਟੀ ਦੀਆਂ 8 ਟੀਮਾਂ ਵਿਚਕਾਰ ਮੁਕਾਬਲਾ ਹੋਇਆ। ਪੰਜਵੇਂ ਦਿਨ ਸੈਮੀ-ਫਾਈਨਲ ਤੋਂ ਬਾਅਦ ਆਖਰੀ ਦਿਨ ਗਰੈਂਡ ਫਾਈਨਲ ਮੈਚ ਕਰਵਾਇਆ ਗਿਆ ਜਿਸ ’ਚ ਚੌਧਰੀ ਬੰਸੀ ਲਾਲ ਯੂਨੀਵਰਸਿਟੀ ਭਿਵਾਨੀ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕਰਕੇ ਸੋਨੇ ਦਾ ਤਗਮਾ ਤੇ ਟਰਾਫ਼ੀ ਹਾਸਲ ਕੀਤੀ ਜਦਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਟੀਮ ਉਪ ਜੇਤੂ ਰਹਿ ਕੇ ਸਿਲਵਰ ਮੈਡਲ ਹਾਸਲ ਕੀਤਾ। ਅੰਨਾਮਾਲਾਈ ਯੂਨੀਵਰਸਿਟੀ ਅਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੀਆਂ ਟੀਮਾਂ ਨੇ ਸਾਂਝੇ ਤੌਰ ’ਤੇ ਤੀਜਾ ਸਥਾਨ ਹਾਸਲ ਕੀਤਾ ਜਦਕਿ ਐਮ.ਐਸ.ਸੀ.ਬੀ.ਐਲ.ਯੂ., ਭਿਵਾਨੀ ਦੀ ਵਰਸ਼ਾ ਰਾਣੀ ਨੂੰ ਟੂਰਨਾਮੈਂਟ ਦੀ ਪਲੇਅਰ ਆਫ ਦਿ ਟੂਰਨਾਮੈਂਟ ਅਤੇ ਅੰਮ੍ਰਿਤਸਰ ਦੀ ਪੱਲਵੀ ਨੂੰ ਟੂਰਨਾਮੈਂਟ ਦੀ ਉੱਭਰਦੀ ਖਿਡਾਰਨ ਐਲਾਨਿਆ ਗਿਆ।
ਸਮਾਪਤੀ ਸਮਾਗਮ ’ਚ ਜੀਐਨਏ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਹੇਮੰਤ ਸ਼ਰਮਾ, ਮੋਨਿਕਾ ਹੰਸਪਾਲ, ਡੀਨ ਅਕਾਦਮਿਕ, ਕੁਨਾਲ ਬੈਂਸ ਡਿਪਟੀ ਰਜਿਸਟਰਾਰ, ਡਾ: ਵਿਕਰਾਂਤ ਸ਼ਰਮਾ, ਡਾ. ਸਮੀਰ ਵਰਮਾ, ਡਾ: ਸੀ.ਆਰ. ਤ੍ਰਿਪਾਠੀ ਤੋਂ ਇਲਾਵਾ ਡਾ: ਅਨਿਲ ਪੰਡਿਤ, ਦੀਪਕ ਤਿਲਗੋਰੀਆ ਤੋਂ ਇਲਾਵਾ ਵੱਖ-ਵੱਖ ਸਕੂਲਾਂ ਦੇ ਡੀਨ ਅਤੇ ਮੁਖੀ, ਫੈਕਲਟੀ ਮੈਂਬਰ ਅਤੇ ਹੋਰ ਪਤਵੰਤੇ ਸ਼ਾਮਲ ਹੋਏ। ਜੀਐਨਏ ਯੂਨੀਵਰਸਿਟੀ ਦੇ ਚਾਂਸਲਰ ਗੁਰਦੀਪ ਸਿੰਘ ਸੀਹਰਾ ਨੇ ਟੂਰਨਾਮੈਂਟ ’ਚ ਭਾਗ ਲੈਣ ਵਾਲੀਆਂ ਸਾਰੀਆਂ ਮਹਿਲਾ ਖਿਡਾਰਨਾਂ, ਪ੍ਰਬੰਧਕਾਂ ਅਤੇ ਜੇਤੂਆਂ ਨੂੰ ਵਧਾਈ ਦਿੱਤੀ।