ਮੰਦਰ ਟਰੱਸਟ ਚਿੰਤਪੁਰਨੀ ਨੇ ਮਾਂ ਦੇ ਦਰਬਾਰ ‘ਚ ਹਵਨ ਕਰਵਾਉਣ ਲਈ ਖ਼ਰਚੇ ‘ਚ ਕੀਤਾ ਤਿੰਨ ਗੁਣਾ ਵਾਧਾ

ਚਿੰਤਪੂਰਨੀ – ਮੰਦਰ ਟਰੱਸਟ ਚਿੰਤਪੂਰਨੀ ਨੇ ਮਾਂ ਦੇ ਦਰਬਾਰ ਵਿਚ ਹਵਨ ਕਰਵਾਉਣ ਲਈ ਖ਼ਰਚੇ ਵਿਚ ਤਿੰਨ ਗੁਣਾ ਵਾਧਾ ਕਰਦੇ ਹੋਏ ਇਹ ਸੇਵਾ ਦਰ 5100 ਰੁਪਏ ਕਰ ਦਿੱਤੀ ਹੈ। ਇਸ ਨੂੰ ਲੈ ਕੇ ਟਰੱਸਟ ਦੇ ਮੈਂਬਰਾਂ ਨੇ ਵਿਚਾਰ ਵਟਾਂਦਰਾ ਕੀਤਾ ਹੈ ਕਿ ਮੌਜੂਦਾ ਦੌਰ ਵਿਚ ਜਿਹੜੇ ਸ਼ਰਧਾਲੂ ਮੰਦਰ ਵਿਚ ਹਵਨ ਕਰਵਾਉਣਗੇ, ਉਨ੍ਹਾਂ ਕੋਲੋਂ 1700 ਰੁਪਏ ਦੀ ਬਜਾਏ 5100 ਰੁਪਏ ਲਏ ਜਾਣਗੇ। ਟਰੱਸਟ ਦੇ ਮੈਂਬਰਾਂ ਨੇ ਸਰਬਸੰਮਤੀ ਕੀਤੀ ਹੈ ਕਿ ਹਵਨ ਜਿਹੇ ਕਾਰਜ ਲਈ ਏਨੀ ਰਾਸ਼ੀ ਘੱਟ ਹੈ ਤੇ ਘੱਟੋ-ਘੱਟ ਖ਼ਰਚਾ 5100 ਕੀਤਾ ਜਾ ਰਿਹਾ ਹੈ। 5100 ਰੁਪਏ ਵਿਚ ਪੁਜਾਰੀ ਦੀ ਦਕਸ਼ਿਨਾ (ਦੱਖਣਾ) ਸ਼ਾਮਲ ਨਹੀਂ ਹੋਵੇਗੀ। ਵੱਧ ਭੀੜ ਹੋਣ ’ਤੇ ਦਰਸ਼ਨ ਕਰਨ ਲਈ ‘ਸੁਗਮ ਪਾਸ’ ਜਾਰੀ ਕਰਨ ਲਈ ਹਰ ਸ਼ਰਧਾਲੂ ਤੋਂ 500 ਰੁਪਏ ਲਏ ਜਾਂਦੇ ਸਨ, ਵਿਚ ਸੋਧ ਕਰ ਕੇ ਹੁਣ 300 ਰੁਪਏ ਲਏ ਜਾਣਗੇ। ਮੰਦਰ ਟਰੱਸਟ ਨੇ ਮੋਬਾਈਲ ਟਾਇਲਟ (ਚੱਲਦੇ ਫਿਰਦੇ ਪਖਾਨੇ) ਖ਼ਰੀਦੇ ਹਨ, ਇਨ੍ਹਾਂ ਵਿਚ ਦੋ ਤੋਂ 10 ਯੂਨਿਟ ਵਾਲੇ ਤੇ 6-6 ਯੂਨਿਟਾਂ ਵਾਲੇ ਪਖਾਨੇ ਵੀ ਹਨ। ਮੇਲੇ ਵਾਲੇ ਦਿਨ ਇਹ ਵੱਖ-ਵੱਖ ਥਾਵਾਂ ਵਿਚ ਮੇਲਾ ਖੇਤਰ ਵਿਚ ਸਥਾਪਤ ਕੀਤੇ ਜਾਂਦੇ ਹਨ। ਇਨ੍ਹਾਂ ਇਕਾਈਆਂ ਦਾ ਕਿਰਾਇਆ ਵਧਾ ਦਿੱਤਾ ਗਿਆ ਹੈ। ਮੌਜੂਦਾ ਸਮੇਂ ਪ੍ਰਤੀ ਯੂਨਿਟ ਕਿਰਾਇਆ 100 ਰੁਪਏ ਪ੍ਰਤੀ ਦਿਨ ਤੇ ਜ਼ਮਾਨਤੀ ਰਕਮ 5000 ਰੁਪਏ ਲਈ ਜਾ ਰਹੀ ਹੈ। ਹੁਣ 100 ਰੁਪਏ ਨੂੰ ਵਧਾ ਕੇ 500 ਰੁਪਏ ਪ੍ਰਤੀ ਦਿਨ ਕੀਤਾ ਗਿਆ ਹੈ।