ਚੈਂਪੀਅਨਜ਼ ਟਰਾਫੀ 2025 ਨੂੰ ਲੈ ਕੇ ਨਹੀਂ ਰੁਕ ਰਿਹਾ ਹੰਗਾਮਾ

ਨਵੀਂ ਦਿੱਲੀ – ਆਈਸੀਸੀ ਚੈਂਪੀਅਨਜ਼ ਟਰਾਫੀ ’ਚ ਬਹੁਤਾ ਸਮਾਂ ਨਹੀਂ ਬਚਿਆ ਹੈ। ਇਹ ਅਗਲੇ ਮਹੀਨੇ ਤੋਂ ਸ਼ੁਰੂ ਹੋਣ ਵਾਲੀ ਹੈ ਪਰ ਇਸ ਤੋਂ ਪਹਿਲਾਂ ਵਿਵਾਦ ਰੁਕਣ ਦੇ ਕੋਈ ਸੰਕੇਤ ਨਹੀਂ ਦਿਖਾਈ ਦੇ ਰਹੇ। ਇਸ ਸਮਾਗਮ ਨੂੰ ਲੈ ਕੇ ਭਾਰਤ ਤੇ ਪਾਕਿਸਤਾਨ ਵਿਚਾਲੇ ਹੋਏ ਟਕਰਾਅ ਤੋਂ ਬਾਅਦ ਹੁਣ ਅਫਗਾਨਿਸਤਾਨ ਖ਼ਿਲਾਫ਼ ਨਾਅਰੇਬਾਜ਼ੀ ਹੋ ਰਹੀ ਹੈ। ਪਹਿਲਾਂ ਇੰਗਲੈਂਡ ਨੇ ਅਫਗਾਨਿਸਤਾਨ ਵਿਰੁੱਧ ਆਵਾਜ਼ ਉਠਾਈ ਤੇ ਹੁਣ ਦੱਖਣੀ ਅਫਰੀਕਾ ਵੀ ਇਸ ’ਚ ਸ਼ਾਮਿਲ ਹੋ ਗਿਆ ਹੈ।

ਇੰਗਲੈਂਡ ਦੀ ਸੰਸਦ ਵਿਚ ਦੇਸ਼ ਦੇ ਕ੍ਰਿਕਟ ਬੋਰਡ ਨੂੰ ਚੈਂਪੀਅਨਜ਼ ਟਰਾਫੀ ਵਿਚ ਅਫਗਾਨਿਸਤਾਨ ਵਿਰੁੱਧ ਨਾ ਖੇਡਣ ਦੀ ਅਪੀਲ ਕੀਤੀ ਗਈ ਕਿਉਂਕਿ ਦੇਸ਼ ’ਚ ਤਾਲਿਬਾਨ ਦਾ ਰਾਜ ਹੈ, ਜੋ ਔਰਤਾਂ ‘ਤੇ ਤਸ਼ੱਦਦ ਕਰ ਰਿਹਾ ਹੈ ਤੇ ਉਨ੍ਹਾਂ ਦੇ ਅਧਿਕਾਰਾਂ ਦੀ ਉਲੰਘਣਾ ਕਰ ਰਿਹਾ ਹੈ। ਦੱਖਣੀ ਅਫਰੀਕਾ ਵਿਚ ਵੀ ਹੁਣ ਅਜਿਹਾ ਹੀ ਮਾਮਲਾ ਉੱਠਿਆ ਹੈ। ਦੱਖਣੀ ਅਫਰੀਕਾ ਦੇ ਖੇਡ ਮੰਤਰੀ ਗੇਟਨ ਮੈਕੇਂਜੀ ਨੇ ਚੈਂਪੀਅਨਜ਼ ਟਰਾਫੀ ਵਿਚ ਅਫਗਾਨਿਸਤਾਨ ਵਿਰੁੱਧ ਮੈਚ ਦਾ ਬਾਈਕਾਟ ਕਰਨ ਦੀ ਗੱਲ ਕਹੀ ਹੈ।

ਦੱਖਣੀ ਅਫਰੀਕਾ ਆਪਣੇ ਪਹਿਲੇ ਮੈਚ ਵਿਚ ਅਫਗਾਨਿਸਤਾਨ ਵਿਰੁੱਧ ਖੇਡੇਗਾ। ਮੈਕੇਂਜੀ ਨੇ ਕ੍ਰਿਕਟ ਦੱਖਣੀ ਅਫਰੀਕਾ ਨੂੰ ਇਸ ਮੈਚ ‘ਤੇ ਮੁੜ ਵਿਚਾਰ ਕਰਨ ਤੇ ਔਰਤਾਂ ਦੇ ਅਧਿਕਾਰਾਂ ਸਬੰਧੀ ਸਖ਼ਤ ਸੰਦੇਸ਼ ਦੇਣ ਦੀ ਅਪੀਲ ਕੀਤੀ ਹੈ। ਮੈਕੇਂਜੀ ਨੇ ਲਿਖਿਆ, ’ਕ੍ਰਿਕਟ ਦੱਖਣੀ ਅਫਰੀਕਾ, ਹੋਰ ਕ੍ਰਿਕਟ ਬੋਰਡਾਂ ਤੇ ਆਈਸੀਸੀ ਨੂੰ ਧਿਆਨ ਨਾਲ ਸੋਚਣਾ ਚਾਹੀਦਾ ਹੈ ਕਿ ਕ੍ਰਿਕਟ ਜਗਤ ਇਸ ਦੁਨੀਆ ਨੂੰ ਕਿਸ ਤਰ੍ਹਾਂ ਦਾ ਸੁਨੇਹਾ ਦੇਣਾ ਚਾਹੁੰਦਾ ਹੈ, ਖਾਸ ਕਰਕੇ ਔਰਤਾਂ ਦੇ ਅਧਿਕਾਰਾਂ ਬਾਰੇ। ਇੱਕ ਖੇਡ ਮੰਤਰੀ ਹੋਣ ਦੇ ਨਾਤੇ ਇਹ ਮੇਰੇ ਹੱਥ ’ਚ ਨਹੀਂ ਹੈ ਕਿ ਮੈਂ ਅਫਗਾਨਿਸਤਾਨ ਖਿਲਾਫ ਮੈਚ ਬਾਰੇ ਫੈਸਲਾ ਕਰਾਂ। ਜੇ ਅਜਿਹਾ ਹੁੰਦਾ, ਤਾਂ ਮੈਂ ਇਸ ਮੈਚ ਨੂੰ ਨਾ ਹੋਣ ਦਿੰਦਾ।’

ਕ੍ਰਿਕਟ ਦੱਖਣੀ ਅਫਰੀਕਾ ਨੇ ਖੇਡ ਮੰਤਰੀ ਦੀ ਅਪੀਲ ‘ਤੇ ਪ੍ਰਤੀਕਿਰਿਆ ਦਿੱਤੀ ਹੈ ਤੇ ਕਿਹਾ ਹੈ ਕਿ ਉਹ ਇਸ ਮਾਮਲੇ ਵਿਚ ਉਹੀ ਕਰੇਗਾ, ਜੋ ਆਈਸੀਸੀ ਕਹੇਗਾ। ਸੀਐੱਸਏ ਨੇ ਕਿਹਾ, ‘ਸੀਐੱਸਏ ਅਫਗਾਨਿਸਤਾਨ ਵਿਚ ਔਰਤਾਂ ਦੇ ਅਧਿਕਾਰਾਂ ਦੀ ਉਲੰਘਣਾ ਤੇ ਜ਼ੁਲਮ ਦੇ ਵਿਰੁੱਧ ਹੈ ਅਤੇ ਮੰਨਦਾ ਹੈ ਕਿ ਮਹਿਲਾ ਕ੍ਰਿਕਟ ਨੂੰ ਵੀ ਬਰਾਬਰ ਦਾ ਦਰਜਾ ਮਿਲਣਾ ਚਾਹੀਦਾ ਹੈ। ਚੈਂਪੀਅਨਜ਼ ਟਰਾਫੀ ਇੱਕ ਆਈਸੀਸੀ ਈਵੈਂਟ ਹੈ ਤੇ ਇਸ ਮਾਮਲੇ ਵਿਚ ਅਫਗਾਨਿਸਤਾਨ ਬਾਰੇ ਫੈਸਲਾ ਲੈਣਾ ਆਈਸੀਸੀ ‘ਤੇ ਨਿਰਭਰ ਕਰਦਾ ਹੈ।’

ਤਾਲਿਬਾਨ ਦੇ ਅਫਗਾਨਿਸਤਾਨ ‘ਤੇ ਕਬਜ਼ਾ ਕਰਨ ਤੋਂ ਬਾਅਦ ਉੱਥੇ ਔਰਤਾਂ ‘ਤੇ ਕਈ ਪਾਬੰਦੀਆਂ ਲਗਾਈਆਂ ਗਈਆਂ ਹਨ, ਜਿਸ ਵਿਚ ਖੇਡਾਂ ਨਾ ਖੇਡਣਾ ਵੀ ਸ਼ਾਮਿਲ ਹੈ। ਇਸੇ ਕਾਰਨ ਕਰਕੇ ਅਫਗਾਨਿਸਤਾਨ ਮਹਿਲਾ ਕ੍ਰਿਕਟ ਟੀਮ ‘ਤੇ ਪਾਬੰਦੀ ਲਗਾਈ ਗਈ ਹੈ। ਇੰਗਲੈਂਡ ਤੇ ਦੱਖਣੀ ਅਫਰੀਕਾ ਨੇ ਇਸ ਵਿਰੁੱਧ ਆਵਾਜ਼ ਬੁਲੰਦ ਕੀਤੀ ਹੈ।