ਕੇਂਦਰ ਰੱਦ ਖੇਤੀ ਕਾਨੂੰਨ ਲਾਗੂ ਕਰਾਉਣ ਦੀ ਕੋਸ਼ਿਸ਼ ’ਚ: ਕੇਜਰੀਵਾਲ

ਨਵੀਂ ਦਿੱਲੀ-‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਜੇ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਕੁਝ ਹੋਇਆ ਤਾਂ ਉਸ ਲਈ ਭਾਜਪਾ ਜ਼ਿੰਮੇਵਾਰ ਹੋਵੇਗੀ। ਕੇਜਰੀਵਾਲ ਨੇ ‘ਐਕਸ’ ’ਤੇ ਇਕ ਪੋਸਟ ’ਚ ਦਾਅਵਾ ਕੀਤਾ ਕਿ ਕੇਂਦਰ ਸਰਕਾਰ ਰੱਦ ਕੀਤੇ ਜਾ ਚੁੱਕੇ ਖੇਤੀ ਕਾਨੂੰਨਾਂ ਨੂੰ ਮੁੜ ਤੋਂ ਪਿਛਲੇ ਦਰਵਾਜ਼ਿਉਂ ਲਾਗੂ ਕਰਨ ਦੀ ਤਿਆਰੀ ਕਰ ਰਹੀ ਹੈ ਜਿਸ ਨੂੰ ਉਸ ਨੇ ‘ਨਵੀਂ ਨੀਤੀ’ ਦਾ ਨਾਮ ਦਿੱਤਾ ਹੈ। ਉਨ੍ਹਾਂ ਕਿਹਾ ਕਿ ਨਵੀਂ ‘ਨੀਤੀ’ ਬਾਰੇ ਆਪੋ-ਆਪਣੇ ਵਿਚਾਰ ਦੱਸਣ ਲਈ ਸਾਰੇ ਸੂਬਿਆਂ ਨੂੰ ਉਸ ਦੀਆਂ ਕਾਪੀਆਂ ਭੇਜੀਆਂ ਗਈਆਂ ਹਨ। ‘ਆਪ’ ਸੁਪਰੀਮੋ ਨੇ ਕਿਹਾ ਕਿ ਭਾਜਪਾ ਆਪਣੇ ਹੰਕਾਰ ਕਾਰਨ ਪੰਜਾਬ ’ਚ ਅੰਦੋਲਨ ਕਰ ਰਹੇ ਕਿਸਾਨਾਂ ਨਾਲ ਗੱਲਬਾਤ ਨਹੀਂ ਕਰ ਰਹੀ ਹੈ। ਕੇਜਰੀਵਾਲ ਨੇ ਕਿਹਾ, ‘‘ਪਰਮਾਤਮਾ ਮਰਨ ਵਰਤ ’ਤੇ ਬੈਠੇ ਕਿਸਾਨਾਂ ਨੂੰ ਠੀਕ-ਠਾਕ ਰੱਖੇ ਪਰ ਉਨ੍ਹਾਂ ਨੂੰ ਜੇ ਕੁਝ ਹੋਇਆ ਤਾਂ ਉਸ ਲਈ ਭਾਜਪਾ ਜ਼ਿੰਮੇਵਾਰ ਹੋਵੇਗੀ।