ਸ਼ਿਮਲਾ ਤੋਂ ਵੀ ਠੰਢਾ ਰਿਹਾ ਫ਼ਰੀਦਕੋਟ ਤੇ ਅੰਮ੍ਰਿਤਸਰ

ਲੁਧਿਆਣਾ – ਪੰਜਾਬ ’ਚ ਪਿਛਲੇ ਤਿੰਨ ਦਿਨ ਤੋਂ ਚੱਲ ਰਹੀ ਸੀਤ ਲਹਿਰ ਦੇ ਕਾਰਨ ਕੜਾਕੇ ਦੀ ਠੰਢ ਪੈ ਰਹੀ ਹੈ। ਵੀਰਵਾਰ ਨੂੰ ਸੂਬੇ ਦੇ ਜ਼ਿਆਦਾਤਰ ਜ਼ਿਲਿ੍ਹਆਂ ’ਚ ਸੰਘਣੀ ਧੁੰਦ ਪਈ। ਫ਼ਰੀਦਕੋਟ ਤੇ ਅੰਮ੍ਰਿਤਸਰ ਸ਼ਿਮਲਾ ਤੋਂ ਵੀ ਠੰਢੇ ਰਹੇ। ਫ਼ਰੀਦਕੋਟ ਦਾ ਘੱਟੋ-ਘੱਟ ਤਾਪਮਾਨ 5.5 ਤੇ ਅੰਮ੍ਰਿਤਸਰ ਦਾ 5.8 ਡਿਗਰੀ ਸੈਲਸੀਅਸ ਰਿਹਾ, ਜਦਕਿ ਸ਼ਿਮਲਾ ਦਾ ਘੱਟੋ-ਘੱਟ ਤਾਪਮਾਨ 6.0 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਬਠਿੰਡਾ ਦਾ ਘੱਟੋ-ਘੱਟ ਤਾਪਮਾਨ 6.0, ਪਟਿਆਲਾ ਦਾ 8.2, ਲੁਧਿਆਣਾ 8.4 ਤੇ ਫ਼ਿਰੋਜ਼ਪੁਰ ਦਾ 8.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਓਧਰ, ਸੂਬੇ ’ਚ ਵੱਧ ਤੋਂ ਵੱਧ ਤਾਪਮਾਨ ’ਚ ਛੇ ਡਿਗਰੀ ਸੈਲਸੀਅਸ ਦੀ ਗਿਰਾਵਟ ਆਉਣ ਨਾਲ ਦਿਨ ’ਚ ਵੀ ਕੜਾਕੇ ਦੀ ਠੰਢ ਰਹੀ। ਅੰਮਿ੍ਰਤਸਰ ’ਚ ਦਿਨ ਦਾ ਤਾਪਮਾਨ 12.2, ਫ਼ਿਰੋਜ਼ਪੁਰ ’ਚ 12.3, ਲੁਧਿਆਣਾ ’ਚ 13.4 ਤੇ ਪਟਿਆਲਾ ’ਚ 14.0 ਡਿਗਰੀ ਸੈਲਸੀਅਸ ਰਿਹਾ। ਮੌਸਮ ਵਿਭਾਗ ਚੰਡੀਗੜ੍ਹ ਮੁਤਾਬਕ ਤਿੰਨ ਜਨਵਰੀ ਨੂੰ ਵੀ ਇਹੀ ਸਥਿਤੀ ਰਹੇਗੀ। ਚਾਰ ਜਨਵਰੀ ਨੂੰ ਮੌਸਮ ਸਾਫ਼ ਰਹੇਗਾ। ਹਾਲਾਂਕਿ ਪੰਜ ਜਨਵਰੀ ਨੂੰ ਕੁਝ ਜ਼ਿਲ੍ਹਿਆਂ ’ਚ ਹਲਕੀ ਬਾਰਿਸ਼ ਹੋ ਸਕਦੀ ਹੈ। ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਮੌਸਮ ਕਣਕ ਦੀ ਫ਼ਸਲ ਲਈ ਫ਼ਾਇਦੇਮੰਦ ਹੈ, ਪਰ ਕੋਰਾ ਪੈਂਦਾ ਹੈ ਤਾਂ ਆਲੂ ਦੀ ਫ਼ਸਲ ਨੂੰ ਨੁਕਸਾਨ ਹੋ ਸਕਦਾ ਹੈ।