ਸੁਖਬੀਰ ਬਾਦਲ ਨੂੰ ਮਾਘੀ ਮੇਲੇ ’ਚ ਕਾਨਫਰੰਸ ਕਰ ਕੇ ਰੀਲਾਂਚ ਕਰੇਗਾ ਸ਼੍ਰੋਮਣੀ ਅਕਾਲੀ ਦਲ

ਚੰਡੀਗੜ੍ਹ- ਸੁਖਬੀਰ ਬਾਦਲ ਨੂੰ ਮੁੜ ਸ਼੍ਰੋਮਣੀ ਅਕਾਲੀ ਦਲ ਦੀ ਕਮਾਨ ਸੌਂਪਣ ਨੂੰ ਲੈ ਕੇ ਜੱਦੋਜ਼ਹਿਦ ਸ਼ੁਰੂ ਹੋ ਗਈ ਹੈ। ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਲੱਗੀ ਸੇਵਾ ਨੂੰ ਪੂਰਾ ਕਰਕੇ ਹੁਣ ਸੁਖਬੀਰ ਬਾਦਲ ਨੂੰ 14 ਜਨਵਰੀ ਨੂੰ ਮੁਕਤਸਰ ਦੇ ਮਾਘੀ ਮੇਲੇ ਵਿਚ ਰੀਲਾਂਚ ਕੀਤਾ ਜਾਵੇਗਾ। ਪਾਰਟੀ ਦੇ ਨੇਤਾ ਡਾ.ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਮਾਘੀ ’ਤੇ ਪਾਰਟੀ ਸ਼•੍ਰੀ ਮੁਕਤਸਰ ਸਾਹਿਬ ਵਿਚ ਕਾਨਫਰੰਸ ਕਰੇਗੀ। ਇਸ ਵਿਚ ਸੀਨੀਅਰ ਨੇਤਾ ਸ਼ਾਮਲ ਹੋਣਗੇ। ਜਾਣਕਾਰੀ ਮੁਤਾਬਕ ਸੁਖਬੀਰ ਬਾਦਲ ਬੇਸ਼ੱਕ ਕਾਨਫਰੰਸ ਵਿਚ ਬਤੌਰ ਸੀਨੀਅਰ ਨੇਤਾ ਸ਼ਾਮਲ ਹੋਣਗੇ ਪਰ ਉਹ ਹੀ ਕਾਨਫਰੰਸ ਦੇ ਮੁੱਖ ਬੁਲਾਰੇ ਹੋਣਗੇ।

ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸੁਖਬੀਰ ਬਾਦਲ ਨੂੰ ਤਨਖਾਹੀਆ ਐਲਾਨ ਕੀਤੇ ਜਾਣ ਤੇ 2 ਦਸੰਬਰ ਨੂੰ ਸੇਵਾ ਲਗਾਏ ਜਾਣ ਤੋਂ ਬਾਅਦ ਹੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਦੇ ਰਾਜਨੀਤਕ ਕਰੀਅਰ ਨੂੰ ਲੈ ਕੇ ਸਵਾਲ ਖੜ੍ਹੇ ਹੋਣ ਲੱਗੇ ਸੀ।• ਕਿਉਂਕਿ ਅਕਾਲ ਤਖ਼ਤ ਨੇ ਸ਼ਿਅਦ ਦੀ ਵਰਕਿੰਗ ਕਮੇਟੀ ਨੂੰ ਤਿੰਨ ਦਿਨ ਅੰਦਰ ਸੁਖਬੀਰ ਬਾਦਲ ਦਾ ਅਸਤੀਫਾ ਮਨਜੂਰ ਕਰਨ ਲਈ ਕਿਹਾ ਸੀ। ਹਾਲਾਂਕਿ ਪਾਰਟੀ ਨੇ ਬਾਅਦ ਵਿਚ ਅਕਾਲ ਤਖਤ ਤੋਂ ਸਮਾਂ ਲਿਆ ਸੀ, ਕਿਉਂਕਿ 14 ਦਸੰਬਰ ਨੂੰ ਸੁਖਬੀਰ ਬਾਦਲ ਦਾ ਕਾਰਜਕਾਲ ਪੂਰਾ ਹੋ ਰਿਹਾ ਸੀ। ਇਸ ਸਾਰੇ ਸਮੀਕਰਣ ਵਿਚਾਲੇ ਸੁਖਬੀਰ ਬਾਦਲ ਨੂੰ ਇਹ ਲਾਭ ਹੋਇਆ ਕਿ ਉਨ੍ਹਾਂ ਦਾ ਕਾਰਜਕਾਲ ਪੂਰਾ ਹੋ ਗਿਆ।

ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸੇਵਾ ਲੱਗਣ ਦੇ ਬਾਅਦ ਪਾਰਟੀ ਲਗਾਤਾਰ ਸੁਖਬੀਰ ਬਾਦਲ ਨੂੰ ਰੀਲਾਂਚ ਕਰਨ ’ਤੇ ਵਿਚਾਰ ਕਰ ਰਹੀ ਸੀ। ਇਸ ਲਈ ਪਾਰਟੀ ਦੇ ਕੋਲ ਮਾਘੀ ਮੇਲੇ ਤੋਂ ਬਿਹਤਰ ਕੋਈ ਬਦਲ ਨਹੀਂ ਸੀ। ਕਿਉਂਕਿ ਸ਼ਿਰੋਮਣੀ ਅਕਾਲੀ ਦਲ ਹਮੇਸ਼ਾ ਹੀ ਇੱਥੇ ਰਾਜਨੀਤਕ ਕਾਨਫਰੰਸ ਕਰਦੀ ਰਹੀ ਹੈ। ਪਾਰਟੀ ਦੇ ਸੂਤਰ ਦੱਸਦੇ ਹਨ ਕਿ ਇਸ ਦੇ ਲਈ ਸਾਰੀਆਂ ਤਰ੍ਹਾਂ ਦੀਆਂ ਤਿਆਰੀਆਂ ਵੀ ਸ਼ੁਰੂ ਹੋ ਗਈਆਂ ਹਨ। ਸੁਖਬੀਰ ਨੂੰ ਰੀਲਾਂਚ ਕਰਨ ਤੋਂ ਪਹਿਲਾਂ ਸ਼ਿਅਦ ਕਿਸੇ ਵਿਵਾਦ ਵਿਚ ਨਹੀਂ ਫਸਣਾ ਚਾਹੁੰਦੀ। ਇਹੀ ਕਾਰਨ ਹੈ ਕਿ ਪੰਥਕ ਸੰਗਠਨਾਂ ਦੇ ਦਬਾਅ ਨੂੰ ਦੇਖਦਿਆਂ ਸ਼ਿਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੇ ਸੁਖਬੀਰ ਬਾਦਲ ’ਤੇ ਗੋਲੀ ਚਲਾਉਣ ਵਾਲੇ ਨਾਰਾਇਣ ਸਿੰਘ ਚੌੜਾ ਨੂੰ ਪੰਥ ਤੋਂ ਛੇਕਣ ਦੀ ਮੰਗ ਨੂੰ ਵਾਪਸ ਲੈ ਲਿਆ। ਉੱਥੇ ਹੀ ਮੰਨਿਆ ਜਾ ਰਿਹਾ ਹੈ ਕਿ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ’ਤੇ ਲੱਗੇ ਇਲਜ਼ਾਮਾਂ ਦੀ ਜਾਂਚ ਲਈ ਐੱਸਜੀਪੀਸੀ ਵੱਲੋਂ ਬਣਾਈ ਤਿੰਨ ਮੈਂਬਰੀ ਕਮੇਟੀ ਨੂੰ ਅੰਤ੍ਰਿਮ ਕਮੇਟੀ ਨੂੰ ਇਕ ਮਹੀਨੇ ਦਾ ਹੋਰ ਸਮਾਂ ਦੇਣਾ ਵੀ ਇਸੇ ਰਣਨੀਤੀ ਦਾ ਹਿੱਸਾ ਹੈ। ਕਿਉਂਕਿ ਐੱਸਜੀਸੀਪੀ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਦੇ ਖ਼ਿਲਾਫ਼ ਜਾਂਚ ਕਮੇਟੀ ਬਣਾਏ ਜਾਣ ’ਤੇ ਵੀ ਸਵਾਲ ਖੜ੍ਹੇ ਹੋ ਰਹੇ ਸੀ। ਅਜਿਹੇ ਵਿਚ ਪਾਰਟੀ ਦੇ ਸੀਨੀਅਰ ਨੇਤਾ ਸੁਖਬੀਰ ਨੂੰ ਰੀ-ਲਾਂਚ ਕਰਕੇ ਲੋਕਾਂ ਦੇ ਮਨ ਦੀਆਂ ਭਾਵਨਾਵਾਂ ਨੂੰ ਸਮਝੇ ਬਿਨਾਂ ਕੋਈ ਖਤਰਾ ਮੁੱਲ ਨਹੀਂ ਲੈਣਾ ਚਾਹੁੰਦੀ।

ਅਕਾਲੀ ਦਲ ਦੇ ਸੀਨੀਅਰ ਨੇਤਾ ਸੁਖਬੀਰ ਬਾਦਲ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਤੇ ਆਮ ਆਦਮੀ ਪਾਰਟੀ ਨਾ ਤਾਂ ਕਿਸਾਨਾਂ ਦੀਆਂ ਭਾਵਨਾਵਾਂ ਨੂੰ ਸਮਝਦੀ ਹੈ ਤੇ ਨਾ ਹੀ ਕਿਸਾਨਾਂ ਬਾਰੇ ਪਤਾ ਹੈ। ਸੁਖਬੀਰ ਬਾਦਲ ਵੀਰਵਾਰ ਨੂੰ ਮੋਹਾਲੀ ਵਿਚ ਪੱਤਰਕਾਰਾਂ ਨਾਲ ਗੱਲ ਕਰ ਰਹੇ ਸਨ। ਕਿਸਾਨੀ ਸੰਘਰਸ਼ ਨੂੰ ਲੈ ਕੇ ਪੁੱਛੇ ਗਏ ਸਵਾਲ ’ਤੇ ਉਨ੍ਹਾਂ ਨੇ ਕਿਹਾ ਕਿ ਦੋਵੇਂ ਪਾਰਟੀਆਂ ਨੂੰ ਕਿਸਾਨਾਂ ਦੀ ਪਰਵਾਹ ਨਹੀਂ ਹੈ। ਉਨ੍ਹਾਂ ਕਿਹਾ ਕਿ 10 ਸਾਲ ਵਿਚ ਪੰਜਾਬ ਦਾ ਬੁਰਾ ਹਾਲ ਹੋ ਗਿਆ ਹੈ। ਅੱਜ ਥਾਣਿਆਂ ’ਤੇ ਬੰਬ ਚੱਲ ਰਹੇ ਹਨ ਤੇ ਪੁਲਿਸ ਅੰਦਰ ਲੁਕ ਕੇ ਬੈਠ ਜਾਂਦੀ ਹੈ। ਅੱਜ ਲੋਕਾਂ ਨੂੰ ਪੰਜਾਬ ਵਿਚ ਰਹਿੰਦਿਆਂ ਡਰ ਲੱਗ ਰਿਹਾ ਹੈ।