ਚੀਨ ਵੱਲੋਂ ਭਾਰਤੀ ਸਰਹੱਦ ਨੇੜੇ ਬ੍ਰਹਮਪੁੱਤਰ ਉੱਤੇ ਡੈਮ ਬਣਾਉਣ ਨੂੰ ਮਨਜ਼ੂਰੀ

ਪੇਈਚਿੰਗ-ਚੀਨ ਨੇ ਭਾਰਤੀ ਸਰਹੱਦ ਨੇੜੇ ਤਿੱਬਤ ਵਿੱਚ ਬ੍ਰਹਮਪੁੱਤਰ ਨਦੀ ’ਤੇ ਦੁਨੀਆਂ ਦਾ ਸਭ ਤੋਂ ਵੱਡਾ ਡੈਮ ਬਣਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ, ਜਿਸ ਨੇ ਭਾਰਤ ਅਤੇ ਬੰਗਲਾਦੇਸ਼ ਦੇ ਫਿਕਰ ਵਧਾ ਦਿੱਤੇ ਹਨ। ਇਸ ਡੈਮ ਪ੍ਰਾਜੈਕਟ ਨੂੰ ਦੁਨੀਆਂ ਦਾ ਸਭ ਤੋਂ ਵੱਡਾ ਬੁਨਿਆਦੀ ਢਾਂਚਾ ਪ੍ਰਾਜੈਕਟ ਦੱਸਿਆ ਜਾ ਰਿਹਾ ਹੈ, ਜਿਸ ਦੀ ਲਾਗਤ 137 ਅਰਬ ਅਮਰੀਕੀ ਡਾਲਰ ਹੈ।

ਸਰਕਾਰੀ ਖ਼ਬਰ ਏਜੰਸੀ ‘ਸ਼ਿਨਹੂਆ’ ਨੇ ਬੁੱਧਵਾਰ ਨੂੰ ਇੱਕ ਅਧਿਕਾਰਤ ਬਿਆਨ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਚੀਨ ਸਰਕਾਰ ਨੇ ਯਾਰਲੁੰਗ ਜ਼ਾਂਗਬੋ ਨਦੀ (ਬ੍ਰਹਮਪੁਤਰ ਦਾ ਤਿੱਬਤੀ ਨਾਮ) ਦੇ ਹੇਠਲੇ ਹਿੱਸੇ ਵਿੱਚ ਇੱਕ ਪਣ-ਬਿਜਲੀ ਪ੍ਰਾਜੈਕਟ ਦੀ ਉਸਾਰੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਡੈਮ ਹਿਮਾਲਿਆ ਦੀ ਇੱਕ ਵਿਸ਼ਾਲ ਘਾਟੀ ਵਿੱਚ ਬਣਾਇਆ ਜਾਵੇਗਾ, ਜਿੱਥੇ ਬ੍ਰਹਮਪੁੱਤਰ ਨਦੀ ਇੱਕ ਵੱਡਾ ‘ਯੂ-ਟਰਨ’ ਲੈ ਕੇ ਅਰੁਣਾਚਲ ਪ੍ਰਦੇਸ਼ ਅਤੇ ਫਿਰ ਬੰਗਲਾਦੇਸ਼ ਵਿੱਚ ਵਹਿੰਦੀ ਹੈ। ਹਾਂਗਕਾਂਗ ਦੀ ‘ਸਾਊਥ ਚਾਈਨਾ ਮਾਰਨਿੰਗ ਪੋਸਟ’ ਨੇ ਅੱਜ ਦੱਸਿਆ ਕਿ ਡੈਮ ਵਿੱਚ ਕੁੱਲ ਨਿਵੇਸ਼ 137 ਅਰਬ ਡਾਲਰ ਤੋਂ ਵੱਧ ਹੋ ਸਕਦਾ ਹੈ।

ਇਸ ਡੈਮ ਅੱਗੇ ਚੀਨ ਦੇ ਥ੍ਰੀ ਗਾਰਜਿਸ ਡੈਮ ਸਮੇਤ ਧਰਤੀ ’ਤੇ ਕੋਈ ਵੀ ਹੋਰ ਬੁਨਿਆਦੀ ਢਾਂਚਾ ਪ੍ਰਾਜੈਕਟ ਛੋਟਾ ਪੈ ਜਾਵੇਗਾ। ਭਾਰਤ ਦੀ ਚਿੰਤਾ ਇਸ ਗੱਲ ਨੂੰ ਲੈ ਕੇ ਵਧ ਗਈ ਹੈ ਕਿ ਇਸ ਡੈਮ ਨਾਲ ਚੀਨ ਨੂੰ ਪਾਣੀ ਦੇ ਵਹਾਅ ਨੂੰ ਕਾਬੂ ਕਰਨ ਦਾ ਅਧਿਕਾਰ ਤਾਂ ਮਿਲੇਗਾ ਹੀ, ਨਾਲ ਹੀ ਇਸ ਦੇ ਆਕਾਰ ਤੇ ਪੈਮਾਨੇ ਨੂੰ ਦੇਖਦਿਆਂ ਇਹ ਚੀਨ ਨੂੰ ਦੁਸ਼ਮਣੀ ਸਮੇਂ ਸਰਹੱਦੀ ਖੇਤਰਾਂ ਵਿੱਚ ਭਾਰੀ ਮਾਤਰਾ ਵਿਚ ਪਾਣੀ ਛੱਡਣ ਦੇ ਸਮਰੱਥ ਵੀ ਬਣਾ ਦੇਵੇਗਾ। ਭਾਰਤ ਵੀ ਅਰੁਣਾਚਲ ਪ੍ਰਦੇਸ਼ ਵਿੱਚ ਬ੍ਰਹਮਪੁੱਤਰ ਨਦੀ ’ਤੇ ਡੈਮ ਬਣਾ ਰਿਹਾ ਹੈ।