ਮਾਸਕੋ-ਅਜ਼ਰਬਾਇਜਾਨੀ ਏਅਰਲਾਈਨ ਦਾ ਜਹਾਜ਼ ਅੱਜ ਇਥੇ ਕਜ਼ਾਖ਼ਸਤਾਨੀ ਸ਼ਹਿਰ ਅਕਤਾਓ ਵਿਚ ਉਤਰਨ ਵੇਲੇ ਕਰੈਸ਼ ਹੋ ਗਿਆ। ਜਹਾਜ਼ ਦੇ ਦੋ ਟੋਟੇ ਹੋ ਗਏ ਤੇ ਮੂਹਰਲਾ ਹਿੱਸਾ ਧਮਾਕੇ ਕਰਕੇ ਮਲਬੇ ਵਿਚ ਤਬਦੀਲ ਹੋ ਗਿਆ। ਹਾਦਸੇ ਮੌਕੇ ਜਹਾਜ਼ ਵਿਚ ਅਮਲੇ ਦੇ ਪੰਜ ਮੈਂਬਰਾਂ ਸਣੇ ਕੁੱਲ 67 ਵਿਅਕਤੀ ਸਵਾਰ ਸਨ। ਅਧਿਕਾਰੀਆਂ ਮੁਤਾਬਕ ਹਾਦਸੇ ਵਿਚ ਦੋਵੇਂ ਪਾਇਲਟਾਂ ਸਣੇ 38 ਵਿਅਕਤੀਆਂ ਦੀ ਮੌਤ ਹੋ ਗਈ, ਜਦੋਂਕਿ ਘੱਟੋ-ਘੱਟ 29 ਵਿਅਕਤੀਆਂ ਦੀ ਜਾਨ ਵਾਲ ਵਾਲ ਬਚ ਗਈ, ਜਿਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਅਜ਼ਰਬਾਇਜਾਨ ਦੇ ਰਾਸ਼ਟਰਪਤੀ ਇਲਹਾਮ ਅਲੀਯੇਵ, ਜੋ ਸੇਂਟ ਪੀਟਰਜ਼ਬਰਗ ਦੀ ਯਾਤਰਾ ਉੱਤੇ ਸਨ, ਹਾਦਸੇ ਦਾ ਪਤਾ ਲੱਗਦੇ ਹੀ ਮੁੜ ਆਏ ਹਨ। ਅਲੀਯੇਵ ਨੇ ਹਾਦਸੇ ਵਿਚ ਮਰੇ ਵਿਅਕਤੀਆਂ ਦੇ ਪਰਿਵਾਰਾਂ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆਂ ਜ਼ਖ਼ਮੀਆਂ ਦੇ ਛੇਤੀ ਸਿਹਤਯਾਬ ਹੋਣ ਦੀ ਦੁਆ ਕੀਤੀ ਹੈ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਵੀ ਅਲੀਯੇਵ ਨੂੰ ਫੋਨ ਕਰਕੇ ਹਾਦਸੇ ’ਤੇ ਦੁੱਖ ਜਤਾਇਆ। ਕਜ਼ਾਖ਼ਸਤਾਨ ਤੇ ਅਜ਼ਰਬਾਇਜਾਨ ਅਥਾਰਿਟੀਜ਼ ਨੇ ਹਾਦਸੇ ਦੀ ਜਾਂਚ ਵਿੱਢ ਦਿੱਤੀ ਹੈ। ਅਜ਼ਰਬਾਇਜਾਨ ਨੇ ਇਕ ਦਿਨਾ ਕੌਮੀ ਸੋਗ ਦਾ ਐਲਾਨ ਕੀਤਾ ਹੈ।
ਕਜ਼ਾਖ਼ਸਤਾਨ ਦੇ ਹੰਗਾਮੀ ਹਾਲਾਤ ਬਾਰੇ ਮੰਤਰਾਲੇ ਨੇ ਟੈਲੀਗ੍ਰਾਮ ਉੱਤੇ ਬਿਆਨ ਵਿਚ ਕਿਹਾ ਕਿ ਜਹਾਜ਼ ਉੱਤੇ ਮੁਸਾਫ਼ਰਾਂ ਤੋਂ ਇਲਾਵਾ ਅਮਲੇ ਦੇ ਪੰਜ ਮੈਂਬਰ ਵੀ ਸਵਾਰ ਸਨ। ਮੰਤਰਾਲੇ ਨੇ ਰੂਸ ਦੀ ਸਰਕਾਰੀ ਖ਼ਬਰ ਏਜੰਸੀ ਰੀਆ ਨੋਵੋਸਤੀ ਨੂੰ ਦੱਸਿਆ ਕਿ ਘੱਟੋ-ਘੱਟ 29 ਜਣਿਆਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਰੂਸੀ ਖ਼ਬਰ ਏਜੰਸੀ ਇੰਟਰਫੈਕਸ ਨੇ ਮੈਡੀਕਲ ਵਰਕਰਾਂ ਦੇ ਹਵਾਲੇ ਨਾਲ ਕਿਹਾ ਕਿ ਹਾਦਸੇ ਵਾਲੀ ਥਾਂ ਤੋਂ ਚਾਰ ਲਾਸ਼ਾਂ ਮਿਲੀਆਂ ਹਨ। ਮੌਕੇ ’ਤੇ ਮੌਜੂਦ ਐਮਰਜੈਂਸੀ ਵਰਕਰਾਂ ਨੇ ਕਿਹਾ ਕਿ ਹਾਦਸੇ ਵਿਚ ਜਹਾਜ਼ ਦੇ ਦੋਵੇਂ ਪਾਇਲਟ ਮਾਰੇ ਗਏ ਹਨ। ਅਜ਼ਰਬਾਇਜਾਨ ਏਅਰਲਾਈਨਜ਼ ਨੇ ਪਹਿਲਾਂ ਕਿਹਾ ਸੀ ਕਿ ਐਂਬ੍ਰੇਅਰ 190 ਜਹਾਜ਼ ਨੇ ਸ਼ਹਿਰ ਤੋਂ ਤਿੰਨ ਕਿਲੋਮੀਟਰ ਪਹਿਲਾਂ ਹੀ ਐਮਰਜੈਂਸੀ ਲੈਂਡਿੰਗ ਦੀ ਕੋਸ਼ਿਸ਼ ਕੀਤੀ ਸੀ। ਕਜ਼ਾਖਸਤਾਨ ਦੀ ਐਮਰਜੈਂਸੀ ਮੰਤਰਾਲੇ ਨੇ ਕਿਹਾ ਕਿ ਹਾਦਸੇ ਵਾਲੀ ਥਾਂ ਰਾਹਤ ਤੇ ਬਚਾਅ ਕਾਰਜ ਜਾਰੀ ਸਨ। ਜਾਣਕਾਰੀ ਅਨੁਸਾਰ ਜਹਾਜ਼ ਅਜ਼ਰਬਾਇਜਾਨ ਦੀ ਰਾਜਧਾਨੀ ਬਾਕੂ ਤੋਂ ਰੂਸੀ ਸ਼ਹਿਰ ਗਰੋਜ਼ਨੀ ਜਾ ਰਿਹਾ ਸੀ। ਅਜ਼ਰਬਾਇਜਾਨ ਏਅਰਲਾਈਨ ਮੁਤਾਬਕ ਜਹਾਜ਼ ਵਿਚ ਸਵਾਰ 37 ਯਾਤਰੀ ਅਜ਼ਰਬਾਇਜਾਨ ਦੇ ਨਾਗਰਿਕ ਸਨ। ਹੋਰਨਾਂ ਯਾਤਰੀਆਂ ਵਿਚ 16 ਰੂਸੀ ਨਾਗਰਿਕ, 6 ਕਜ਼ਾਖਸਤਾਨੀ ਤੇ ਤਿੰਨ ਕਿਰਗਿਜ਼ ਨਾਗਰਿਕ ਸਨ।
ਖ਼ਬਰ ਏਜੰਸੀ ਰੀਆ ਨੋਵੋਸਤੀ ਨੇ ਰੂਸੀ ਸ਼ਹਿਰੀ ਹਵਾਬਾਜ਼ੀ ਅਥਾਰਿਟੀ ਰੋਸਾਵੀਆਤਸੀਆ ਦੇ ਹਵਾਲੇ ਨਾਲ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਪਾਇਲਟ ਨੇ ਜਹਾਜ਼ ਨਾਲ ਪੰਛੀ ਟਕਰਾਉਣ ਮਗਰੋਂ ਉਡਾਣ ਅਕਤਾਓ ਵੱਲ ਮੋੜਨ ਦਾ ਫੈਸਲਾ ਕੀਤਾ ਸੀ। ਸੋਸ਼ਲ ਮੀਡੀਆ ’ਤੇ ਪੋਸਟ ਕੁਝ ਵੀਡੀਓਜ਼ ਵਿਚ ਹਾਦਸੇ ਵਿਚ ਬਚੇ ਕੁਝ ਲੋਕ ਸਾਥੀ ਮੁਸਾਫਰਾਂ ਨੂੰ ਜਹਾਜ਼ ਦੇ ਮਲਬੇ ਤੋਂ ਪਾਸੇ ਲਿਜਾਂਦੇ ਹੋਏ ਨਜ਼ਰ ਆ ਰਹੇ ਹਨ। ਉਧਰ ਫਲਾਈਟਰਡਾਰ24 ਨੇ ਆਨਲਾਈਨ ਪੋਸਟ ਵਿਚ ਵੱਖਰੇ ਤੌਰ ’ਤੇ ਦਾਅਵਾ ਕੀਤਾ ਕਿ ਜਹਾਜ਼ ਨੂੰ ‘ਮਜ਼ਬੂਤ ਜੀਪੀਐੱਸ ਜੈਮਿੰਗ’ ਦਾ ਸਾਹਮਣਾ ਕਰਨਾ ਪਿਆ।