ਸ੍ਰੀਨਗਰ-ਕਸ਼ਮੀਰ ਵਾਦੀ ਵਿੱਚ ਹੱਡ ਚੀਰਵੀਂ ਠੰਢ ਜਾਰੀ ਹੈ। ਮੌਸਮ ਵਿਭਾਗ ਨੇ ਦੱਸਿਆ ਕਿ ਬੀਤੀ ਰਾਤ ਸ੍ਰੀਨਗਰ ’ਚ ਘੱਟੋ-ਘੱਟ ਤਾਪਮਾਨ ਮਨਫ਼ੀ 7.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਤੋਂ ਇਕ ਦਿਨ ਪਹਿਲਾਂ ਇਹ ਮਨਫ਼ੀ 6.6 ਡਿਗਰੀ ਸੈਲਸੀਅਸ ਸੀ। ਕਸ਼ਮੀਰ ਵਿੱਚ ਅਗਲੇ ਦੋ ਦਿਨਾਂ ਵਿੱਚ ਘੱਟੋ-ਘੱਟ ਤਾਪਮਾਨ ਵਿੱਚ ਦੋ ਤੋਂ ਤਿੰਨ ਡਿਗਰੀ ਗਿਰਾਵਟ ਆ ਸਕਦੀ ਹੈ। ਗੁਲਮਰਗ ਨੂੰ ਛੱਡ ਕੇ ਕਸ਼ਮੀਰ ਵਾਦੀ ਦੇ ਬਾਕੀ ਸਾਰੇ ਇਲਾਕਿਆਂ ਵਿੱਚ ਰਾਤ ਦੇ ਤਾਪਮਾਨ ’ਚ ਭਾਰੀ ਗਿਰਾਵਟ ਦਰਜ ਕੀਤੀ ਗਈ।
ਮੌਸਮ ਵਿਭਾਗ ਨੇ ਦੱਸਿਆ ਕਿ ਗੁਲਮਰਗ ’ਚ ਤਾਪਮਾਨ ਮਨਫ਼ੀ 6.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦਕਿ ਬੀਤੀ ਰਾਤ ਇਹ 7.4 ਡਿਗਰੀ ਸੈਲਸੀਅਸ ਸੀ। ਇਸੇ ਤਰ੍ਹਾਂ ਪਹਿਲਗਾਮ ਵਿੱਚ ਘੱਟੋ-ਘੱਟ ਤਾਪਮਾਨ ਮਨਫ਼ੀ 8.4 ਅਤੇ ਕਾਜ਼ੀਗੁੰਡ ਵਿੱਚ 6.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪੰਪੋਰ ਖੇਤਰ ਦਾ ਕੋਨੀਬਲ ਸਭ ਤੋਂ ਠੰਢਾ ਇਲਾਕਾ ਰਿਹਾ, ਇੱਥੇ ਤਾਪਮਾਨ ਮਨਫ਼ੀ 9.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਉੱਤਰੀ ਕਸ਼ਮੀਰ ਦੇ ਕੁਪਵਾੜਾ ਵਿੱਚ ਘੱਟੋ-ਘੱਟ ਤਾਪਮਾਨ ਮਨਫ਼ੀ 6.4, ਜਦਕਿ ਦੱਖਣੀ ਕਸ਼ਮੀਰ ਦੇ ਕੋਕਰਨਾਗ ਵਿੱਚ 5.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।