ਲਾਸ਼ਾਂ ਦੀ ਪਛਾਣ ਲਈ ਬਾਇਓਮੀਟ੍ਰਿਕਸ ਤਕਨਾਲੋਜੀ ’ਤੇ ਜ਼ੋਰ

ਨਵੀਂ ਦਿੱਲੀ-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਣਪਛਾਤੀਆਂ ਲਾਸ਼ਾਂ ਅਤੇ ਲਾਪਤਾ ਪਰ ‘ਲੱਭੇ ਜਾ ਚੁੱਕੇ ਵਿਅਕਤੀਆਂ’ ਦੀ ਪਛਾਣ ਲਈ ਬਾਇਓਮੀਟ੍ਰਿਕਸ ਤਕਨੀਕ ਦੀ ਵਰਤੋਂ ’ਤੇ ਜ਼ੋਰ ਦਿੱਤਾ ਹੈ। ਕੌਮੀ ਅਪਰਾਧ ਰਿਕਾਰਡ ਬਿਊਰੋ (ਐੱਨਸੀਆਰਬੀ) ਨਾਲ ਤਿੰਨ ਨਵੇਂ ਅਪਰਾਧਿਕ ਕਾਨੂੰਨ ਲਾਗੂ ਕਰਨ ਬਾਰੇ ਅੱਜ ਇਥੇ ਨਜ਼ਰਸਾਨੀ ਮੀਟਿੰਗ ਦੀ ਅਗਵਾਈ ਕਰਦਿਆਂ ਸ਼ਾਹ ਨੇ ਅਪਰਾਧਿਕ ਜਾਂਚ ਦੇ ਸਾਰੇ ਮਾਮਲਿਆਂ ’ਚ ਤਕਨਾਲੋਜੀ ਦੀ ਵਰਤੋਂ ’ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸਾਰੇ ਮਾਮਲਿਆਂ ਲਈ ਪਹਿਲਾਂ ਤੋਂ ਨਿਰਧਾਰਤ ਪੜਾਵਾਂ ’ਚ ਅਲਰਟ ਜਾਰੀ ਕੀਤੇ ਜਾਣੇ ਚਾਹੀਦੇ ਹਨ ਅਤੇ ਪੀੜਤਾਂ ਤੇ ਸ਼ਿਕਾਇਤੀਆਂ ਦੇ ਲਾਭ ਲਈ ਰਜਿਸਟਰੇਸ਼ਨ ਤੋਂ ਲੈ ਕੇ ਮਾਮਲੇ ਦੇ ਨਿਬੇੜੇ ਤੱਕ ਦੀ ਸਮਾਂ ਹੱਦ ਤੈਅ ਕੀਤੀ ਜਾਣੀ ਚਾਹੀਦੀ ਹੈ। ਮੀਟਿੰਗ ’ਚ ਆਲ ਇੰਡੀਆ ਪੱਧਰ ’ਤੇ ਕ੍ਰਾਈਮ ਐਂਡ ਕ੍ਰਿਮੀਨਲ ਟਰੈਕਿੰਗ ਨੈੱਟਵਰਕ ਐਂਡ ਸਿਸਟਮਸ 2.0 ਅਤੇ ਅੰਤਰ-ਸੰਚਾਲਨ ਅਪਰਾਧਿਕ ਨਿਆਂ ਪ੍ਰਣਾਲੀ, ਨਵੇਂ ਅਪਰਾਧਿਕ ਕਾਨੂੰਨ ਅਤੇ ਕੌਮੀ ਸਵੈਚਾਲਿਤ ਫਿੰਗਪ੍ਰਿੰਟ ਪਛਾਣ ਪ੍ਰਣਾਲੀ, ਜੇਲ੍ਹ, ਅਦਾਲਤਾਂ ਅਤੇ ਫੋਰੈਂਸਿਕ ਦੇ ਆਈਸੀਜੇਐੱਸ 2.0 ’ਚ ਨਵੇਂ ਅਪਰਾਧਿਕ ਕਾਨੂੰਨਾਂ ਨੂੰ ਲਾਗੂ ਕਰਨ ਅਤੇ ਉਨ੍ਹਾਂ ਨੂੰ ਜੋੜਨ ਦੀ ਨਜ਼ਰਸਾਨੀ ਕੀਤੀ ਗਈ। ਗ੍ਰਹਿ ਮੰਤਰੀ ਨੇ ਐੱਨਸੀਆਰਬੀ ਨੂੰ ਨਵੇਂ ਅਪਰਾਧਿਕ ਕਾਨੂੰਨਾਂ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਦੀ ਸਹੂਲਤ ਪ੍ਰਦਾਨ ਕਰਨ ਲਈ ਕਿਹਾ।