ਕਿਸਾਨ ਅੰਦੋਲਨ ਦੌਰਾਨ ਤੇਜ਼ ਮੀਂਹ ਤੇ ਹਵਾਵਾਂ ’ਚ ਵੀ ਮੋਰਚੇ ’ਤੇ ਡਟੇ ਕਿਸਾਨ

ਪਾਤੜਾਂ-ਢਾਬੀ ਗੁਜਰਾਂ ਬਾਰਡਰ ’ਤੇ ਦਿਨ ਵੇਲੇ ਰੁਕ-ਰੁਕ ਅਤੇ ਰਾਤ ਨੂੰ ਹੋਈ ਤੇਜ਼ ਬਰਸਾਤ ਅਤੇ ਹੱਡ ਚੀਰਵੀਆਂ ਤੇਜ਼ ਹਵਾਵਾਂ ਨੇ ਕਿਸਾਨਾਂ ਦੇ ਰੈਣ ਬਸੇਰੇ, ਟਰਾਲੀਆਂ ਅਤੇ ਆਰਜ਼ੀ ਮਕਾਨਾਂ ਦੀਆਂ ਤਰਪਾਲਾਂ ਉਡਾ ਦਿੱਤੀਆਂ ਹਨ ਪਰ ਇਸ ਦੇ ਬਾਵਜੂਦ ਬਾਰਡਰ ’ਤੇ ਬੈਠੀਆਂ ਔਰਤਾਂ, ਬੱਚਿਆਂ ਅਤੇ ਕਿਸਾਨਾਂ ਨੇ ਡਟ ਕੇ ਸਾਹਮਣਾ ਕੀਤਾ। ਉਨ੍ਹਾਂ ਰਾਤ ਨੂੰ ਮੌਕੇ ’ਤੇ ਹੀ ਮਿਸਤਰੀ ਦਾ ਪ੍ਰਬੰਧ ਕਰਦਿਆਂ ਨਵੀਂ ਸਟੇਜ ਤਿਆਰ ਕਰ ਦਿੱਤੀ।

ਕਿਸਾਨਾਂ ਨੇ ਕਿਹਾ ਕਿ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਮਰਨ ਵਰਤ ’ਤੇ ਬੈਠਿਆਂ 29ਵਾਂ ਦਿਨ ਆ ਗਿਆ ਹੈ। ਡਾਕਟਰਾਂ ਅਨੁਸਾਰ ਉਨ੍ਹਾਂ ਦੀ ਸਿਹਤ ਵਿੱਚ ਲਗਾਤਾਰ ਨਿਘਾਰ ਆ ਰਿਹਾ ਹੈ ਅਤੇ ਅੰਦਰੂਨੀ ਅੰਗ ਖਰਾਬ ਹੋ ਰਹੇ ਹਨ। ਕਾਕਾ ਸਿੰਘ ਕੋਟਲਾ ਨੇ ਕਿਹਾ ਕਿ ਕਿਸਾਨ ਹਰ ਤਰ੍ਹਾਂ ਦੀ ਆਫਤ ਦਾ ਸਾਹਮਣਾ ਕਰਨ ਦੀ ਸਮਰੱਥਾ ਰੱਖਦੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਹਠ, ਦ੍ਰਿੜ੍ਹਤਾ ਅਤੇ ਬਹਾਦਰੀ ਨੇ ਦਿੱਲੀ ਸਰਕਾਰ ਦੀ ਨੀਂਦ ਹਰਾਮ ਕਰ ਕੇ ਰੱਖ ਦਿੱਤੀ ਹੈ। ਕੇਂਦਰ ਨੂੰ ਤਿੰਨ ਕਾਨੂੰਨਾਂ ਵਾਂਗ ਛੇਤੀ ਹੀ ਐਮਐਸਪੀ ਗਰੰਟੀ ਕਾਨੂੰਨ ਦਾ ਐਲਾਨ ਕਰਨ ਲਈ ਮਜਬੂਰ ਹੋਣਾ ਪਵੇਗਾ। ਕਿਸਾਨਾਂ ਨੂੰ ਜਿੱਤ ਦਾ ਝੰਡਾ ਲਹਿਰਾਉਣ ਲਈ ਤਿਆਰ ਰਹਿਣਾ ਚਾਹੀਦਾ ਹੈ।