ਖੇਡ ਰਤਨ ‘ਚ ਬੇਟੀ ਦਾ ਨਾਂ ਸ਼ਾਮਲ ਨਾ ਹੋਣ ‘ਤੇ ਭੜਕੇ ਪਿਤਾ

ਨਵੀਂ ਦਿੱਲੀ- ਪੈਰਿਸ ਓਲੰਪਿਕ ’ਚ ਦੋ ਮੈਡਲ ਜਿੱਤਣ ਵਾਲੀ ਮਨੂ ਭਾਕਰ ਦੀ ਇਸ ਸਾਲ ਮੇਜਰ ਧਿਆਨਚੰਦ ਖੇਡ ਰਤਨ ਐਵਾਰਡ ਲਈ ਉਮੀਦ ਕੀਤੇ ਜਾਣ ਦੀਆਂ ਖ਼ਬਰਾਂ ਵਿਚਾਲੇ ਖੇਡ ਮੰਤਰਾਲੇ ਦੇ ਇਕ ਸਿਖ਼ਰਲੇ ਸੂਤਰ ਨੇ ਕਿਹਾ ਕਿ ਹਾਲੇ ਨਾਂ ਤੈਅ ਨਹੀਂ ਹੋਏ ਹਨ ਤੇ ਇਕ ਹਫ਼ਤੇ ’ਚ ਐਵਾਰਡਾਂ ਤੋਂ ਪਰਦਾ ਉੱਠਣ ’ਤੇ ਉਸਦਾ ਨਾਂ ਸੂਚੀ ’ਚ ਹੋਵੇਗਾ। ਹਾਲਾਂਕਿ, ਮਨੂ ਦੇ ਪਿਤਾ ਨੇ ਉਸਦਾ ਨਾਂ ਨਾ ਹੋਣ ਕਾਰਨ ਨਿਰਾਸ਼ਾ ਦਾ ਪ੍ਰਗਟਾਵਾ ਕੀਤਾ ਹੈ।

ਅਗਸਤ ’ਚ ਹੋਏ ਪੈਰਿਸ ਓਲੰਪਿਕ ’ਚ ਮਨੂ ਇਕ ਹੀ ਖੇਡ ’ਚ ਦੋ ਮੈਡਲ ਜਿੱਤਣ ਵਾਲੀ ਆਜ਼ਾਦ ਭਾਰਤ ਦੀ ਪਹਿਲੀ ਖਿਡਾਰਨ ਬਣੀ ਸੀ, ਜਦੋਂ ਉਸਨੇ 10 ਮੀਟਰ ਏਅਰ ਪਿਸਟਲ ਨਿੱਜੀ ਤੇ ਮਿਕਸਡ ਟੀਮ ਮੁਕਾਬਲੇਬਾਜ਼ੀ ’ਚ ਬ੍ਰਾਊਂਜ਼ ਮੈਡਲ ਜਿੱਤਾ। ਮੰਤਰਾਲੇ ਦੇ ਇਕ ਸੂਤਰ ਨੇ ਦੱਸਿਆ ਕਿ ਹਾਲੇ ਆਖ਼ਰੀ ਸੂਚੀ ਤੈਅ ਨਹੀਂ ਹੋਈ ਹੈ। ਖੇਡ ਮੰਤਰੀ ਮਨਸੁਖ ਮਾਂਡਵੀਆ ਇਕ ਜਾਂ ਦੋ ਦਿਨਾਂ ’ਚ ਇਸ ’ਤੇ ਫੈਸਲਾ ਲੈਣਗੇ ਤੇ ਆਖ਼ਰੀ ਸੂਚੀ ’ਚ ਮਨੂ ਦਾ ਨਾਂ ਹੋਣ ਦੀ ਪੂਰੀ ਸੰਭਾਵਨਾ ਹੈ।

ਮੰਤਰਾਲੇ ਦੇ ਨਿਯਮਾਂ ਦੇ ਤਹਿਤ ਖਿਡਾਰੀਆਂ ਨੂੰ ਆਪਣੀ ਨਾਮਜ਼ਦਗੀ ਖ਼ੁਦ ਭਰਨ ਦੀ ਵੀ ਇਜਾਜ਼ਤ ਹੈ। ਚੋਣ ਕਮੇਟੀ ਉਨ੍ਹਾਂ ਨਾਵਾਂ ’ਤੇ ਵੀ ਵਿਚਾਰ ਕਰ ਸਕਦੀ ਹੈ, ਜਿਨ੍ਹਾਂ ਨੇ ਅਰਜ਼ੀ ਨਹੀਂ ਵੀ ਦਿੱਤੀ ਹੈ। ਮੰਤਰਾਲੇ ਨੇ ਦਾਅਵਾ ਕੀਤਾ ਕਿ ਮਨੂ ਨੇ ਅਰਜ਼ੀ ਨਹੀਂ ਦਿੱਤੀ ਹੈ, ਪਰ ਉਸਦੇ ਪਿਤਾ ਰਾਮਕਿਸ਼ਨ ਭਾਕਰ ਨੇ ਕਿਹਾ ਕਿ ਧੀ ਨੂੰ ਕੋਈ ਨੌਕਰੀ ਨਹੀਂ ਚਾਹੀਦੀ ਸੀ, ਜੋ ਅਰਜ਼ੀ ਦਿੰਦੀ। ਮਨੂ ਦੀਆਂ ਉਪਲੱਬਧੀਆਂ ਪੂਰੇ ਦੇਸ਼ ਦੇ ਸਾਹਮਣੇ ਹਨ। ਅਜਿਹੇ ’ਚ ਕਮੇਟੀ ਨੂੰ ਖ਼ੁਦ ਹੀ ਨਾਂ ’ਤੇ ਵਿਚਾਰ ਕਰਨਾ ਚਾਹੀਦਾ ਸੀ।

ਪਿਤਾ ਨੇ ਪ੍ਰਗਟਾਈ ਨਿਰਾਸ਼ਾ

ਮਨੂ ਭਾਕਰ ਦੇ ਪਿਤਾ ਰਾਮਕਿਸ਼ਨ ਭਾਕਰ ਨੇ ਸੂਚੀ ’ਚ ਮਨੂ ਦਾ ਨਾਂ ਨਾ ਹੋਣ ਨੂੰ ਲੈ ਕੇ ਨਿਰਾਸ਼ਾ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸ਼ਾਇਦ ਖੇਡ ਰਤਨ ਲਈ ਜੋ ਉਨ੍ਹਾਂ ਦੀ ਧੀ ਨੇ ਕੀਤਾ ਉਹ ਕਾਫੀ ਨਹੀਂ ਸੀ। ਮਨੂ ਵੀ ਬਹੁਤ ਨਿਰਾਸ਼ ਹੈ। ਧੀ ਨੇ ਕਿਹਾ ਕਿ ਇਸ ਤੋਂ ਚੰਗਾ ਸੀ ਕਿ ਆਈਏਐੱਸ ਜਾਂ ਆਈਪੀਐੱਸ ਬਣ ਜਾਂਦੀ।