ਇਜ਼ਰਾਈਲ ਨੇ ਵਾਕੀ-ਟਾਕੀ ’ਚ 10 ਸਾਲ ਪਹਿਲਾਂ ਲਗਾਏ ਸਨ ਵਿਸਫੋਟ

ਵਾਸ਼ਿੰਗਟਨ-ਹਾਲੀਆ ਰਿਟਾਇਰ ਹੋਏ ਇਜ਼ਰਾਈਲ ਦੇ ਦੋ ਸੀਨੀਅਰ ਖ਼ੁਫ਼ੀਆ ਏਜੰਟਾਂ ਨੇ ਖ਼ਤਰਨਾਕ ਖ਼ੁਫ਼ੀਆ ਕਾਰਵਾਈ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਕਿਵੇਂ ਲਿਬਨਾਨ ਤੇ ਸੀਰੀਆ ’ਚ ਕਰੀਬ ਤਿੰਨ ਮਹੀਨੇ ਪਹਿਲਾਂ ਹਿਜ਼ਬੁੱਲਾ ਦੇ ਅੱਤਵਾਦੀਆਂ ਨੂੰ ਵਿਸਫੋਟਕ ਪੇਜਰ ਤੇ ਵਾਕੀ ਟਾਕੀ ਰਾਹੀਂ ਨਿਸ਼ਾਨਾ ਬਣਾ ਕੇ ਹਮਲੇ ਕੀਤੇ ਗਏ। ਹਿਜ਼ਬੁੱਲਾ ਨੇ ਹਮਾਸ ਦੇ 7 ਅਕਤੂਬਰ 2023 ਦੇ ਹਮਲੇ ਦੇ ਤੁਰੰਤ ਬਾਅਦ ਇਜ਼ਰਾਈਲ ’ਤੇ ਹਮਲਾ ਸ਼ੁਰੂ ਕਰ ਦਿੱਤਾ ਸੀ। ਇਸ ਕਾਰਨ ਇਜ਼ਰਾਈਲ-ਹਮਾਸ ਜੰਗ ਛਿੜ ਗਈ ਸੀ। ਐਤਵਾਰ ਰਾਤ ਨੂੰ ਪ੍ਰਸਾਰਿਤ ਸੀਬੀਐੱਸ ਦੇ 60 ਮਿੰਟਾਂ ਦੇ ਪ੍ਰੋਗਰਾਮ ਤਹਿਤ ਇਨ੍ਹਾਂ ਏਜੰਟਾਂ ਨੇ ਕਈ ਹੈਰਾਨ ਕਰਨ ਵਾਲੀਆਂ ਜਾਣਕਾਰੀਆਂ ਦਿੱਤੀਆਂ। ਆਪਣੀ ਪਛਾਣ ਲੁਕਾਉਣ ਲਈ ਦੋਵਾਂ ਨੇ ਮਾਸਕ ਪਾਏ ਹੋਏ ਸਨ। ਇਹੀ ਨਹੀਂ, ਉਨ੍ਹਾਂ ਦੀ ਆਵਾਜ਼ ਵੀ ਬਦਲੀ ਹੋਈ ਸੀ। ਇਕ ਏਜੰਟ ਨੇ ਕਿਹਾ ਕਿ ਇਹ ਕਾਰਵਾਈ 10 ਸਾਲ ਪਹਿਲਾਂ ਗੁਪਤ ਤਰੀਕੇ ਨਾਲ ਲਗਾਏ ਗਏ ਵਿਸਫੋਟਕਾਂ ਨਾਲ ਜੁੜੇ ਵਾਕੀ ਟਾਕੀ ਦੇ ਇਸਤੇਮਾਲ ਜ਼ਰੀਏ ਸ਼ੁਰੂ ਕੀਤੀ ਗਈ ਸੀ। ਇਸ ਬਾਰੇ ਹਿਜ਼ਬੁੱਲਾ ਨੂੰ ਪਤਾ ਨਹੀਂ ਸੀ ਕਿ ਉਹ ਇਨ੍ਹਾਂ ਨੂੰ ਆਪਣੇ ਦੁਸ਼ਮਣ ਇਜ਼ਰਾਈਲ ਤੋਂ ਖ਼ਰੀਦ ਰਿਹਾ ਹੈ। ਵਾਕੀ ਟਾਕੀ ’ਚ ਸਤੰਬਰ ਤੱਕ ਵਿਸਫੋਟ ਨਹੀਂ ਕੀਤਾ ਗਿਆ ਸੀ ਪਰ ਬੰਬ ਨਾਲ ਭਰੇ ਪੇਜਰਾਂ ’ਚ ਵਿਸਫੋਟ ਦੀ ਘਟਨਾ ਤੋਂ ਬਾਅਦ ਵਾਕੀ ਟਾਕੀ ’ਚ ਵੀ ਵਿਸਫੋਟ ਕਰ ਦਿੱਤਾ ਸੀ। ਅਧਿਕਾਰੀ ਨੇ ਕਿਹਾ ਕਿ ਅਸੀਂ ਇਕ ਕਾਲਪਨਿਕ ਦੁਨੀਆ ਦੀ ਰਚਨਾ ਕੀਤੀ, ਜਿਸਦਾ ਨਾਂ ਮਾਈਕਲ ਰੱਖਿਆ ਗਿਆ। ਦੂਜੇ ਅਧਿਕਾਰੀ ਨੇ ਕਿਹਾ ਕਿ ਯੋਜਨਾ ਦੇ ਦੂਜੇ ਪੜਾਅ ’ਚ ਪੇਜਰ ਦਾ ਇਸਤੇਮਾਲ ਕੀਤਾ ਗਿਆ ਸੀ ਤੇ ਇਸ ਯੋਜਨਾ ’ਤੇ 2022 ’ਚ ਕੰਮ ਸ਼ੁਰੂ ਹੋਇਆ ਸੀ, ਜਦੋਂ ਇਜ਼ਰਾਈਲ ਦੀ ਮੋਸਾਦ ਖ਼ੁਫ਼ੀਆ ਏਜੰਸੀ ਨੂੰ ਪਤਾ ਲੱਗਾ ਕਿ ਹਿਜ਼ਬੁੱਲਾ ਤਾਇਵਾਨ ਦੀ ਇਕ ਕੰਪਨੀ ਤੋਂ ਪੇਜਰ ਖ਼ਰੀਦ ਰਿਹਾ ਹੈ। ਉਨ੍ਹਾਂ ਕਿਹਾ ਕਿ ਪੇਜਰ ਨੂੰ ਥੋੜ੍ਹਾ ਵੱਡਾ ਬਣਾਉਣਾ ਪਿਆ ਤਾਂ ਜੋ ਉਸ ਵਿਚ ਵਿਸਫੋਟਕ ਰੱਖਿਆ ਜਾ ਸਕੇ।

ਗੈਬ੍ਰੀਅਲ ਨਾਂ ਦੇ ਦੂਜੇ ਏਜੰਟ ਨੇ ਕਿਹਾ ਕਿ ਹਿਜ਼ਬੁੱਲਾ ਨੂੰ ਭਾਰੀ ਪੇਜਰ ਨੂੰ ਲੈਣ ਲਈ ਰਾਜ਼ੀ ਕਰਨ ’ਚ ਦੋ ਹਫ਼ਤੇ ਲੱਗ ਗਏ। ਕੁਝ ਹੱਦ ਤੱਕ ਇਸਦੇ ਲਈ ਯੂਟਿਊਬ ’ਤੇ ਝੂਠੇ ਇਸ਼ਤਿਹਾਰਾਂ ਦੀ ਵਰਤੋਂ ਕਰ ਕੇ ਉਪਕਰਨਾਂ ਨੂੰ ਮਿੱਟੀ ਰੋਕੂ, ਪਾਣੀ ਰੋਕੂ, ਲੰਬੀ ਬੈਟਰੀ ਵਾਲੇ ਤੇ ਹੋਰ ਸਹੂਲਤਾਂ ਨਾਲ ਲੈਸ ਹੋਣ ਦੇ ਰੂਪ ’ਚ ਪ੍ਰਚਾਰਿਤ ਕੀਤਾ ਗਿਆ। ਉਨ੍ਹਾਂ ਫ਼ਰਜ਼ੀ ਕੰਪਨੀਆਂ, ਜਿਨ੍ਹਾਂ ’ਚ ਹੰਗਰੀ ਸਥਿਤ ਇਕ ਕੰਪਨੀ ਵੀ ਸ਼ਾਮਲ ਹੈ, ਦੀ ਵਰਤੋਂ ਦਾ ਵਰਣਨ ਕੀਤਾ। ਇਸ ਜ਼ਰੀਏ ਤਾਇਵਾਨ ਦੀ ਕੰਪਨੀ ਗੋਲਡ ਅਪੋਲੋ ਨੂੰ ਧੋਖੇ ਨਾਲ ਮੋਸਾਦ ਦੇ ਨਾਲ ਅਣਜਾਣੇ ’ਚ ਭਾਈਵਾਲੀ ਕਰਨ ਲਈ ਪ੍ਰੇਰਿਤ ਕੀਤਾ ਗਿਆ। ਹਿਜ਼ਬੁੱਲਾ ਨੂੰ ਵੀ ਇਸ ਗੱਲ ਦਾ ਪਤਾ ਨਹੀਂ ਸੀ ਕਿ ਉਹ ਅਣਜਾਣੇ ’ਚ ਇਜ਼ਰਾਈਲ ਲਈ ਕੰਮ ਕਰ ਰਿਹਾ ਹੈ।