ਨਵੀਂ ਦਿੱਲੀ-ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਿਆ ਯੋਜਨਾ (PMJAY) ਤਹਿਤ ਰਜਿਸਟ੍ਰੇਸ਼ਨ ਨਾਲ ਦੇਸ਼ ‘ਚ ਕੈਂਸਰ ਦਾ ਇਲਾਜ ਹੁਣ ਸਮੇਂ ’ਤੇ ਸ਼ੁਰੂ ਹੋਣ ਲੱਗਾ ਹੈ। ਜਾਂਚ ਤੋਂ ਬਾਅਦ ਛੇਤੀ ਇਲਾਜ ਸ਼ੁਰੂ ਹੋਣ ਦੇ ਮਾਮਲਿਆਂ ਵਿਚ 33 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। 2018 ਵਿਚ ਇਹ ਯੋਜਨਾ ਸ਼ੁਰੂ ਹੋਣ ਤੋਂ ਬਾਅਦ 30 ਦਿਨਾਂ ਦੇ ਅੰਦਰ ਇਲਾਜ ਸ਼ੁਰੂ ਹੋਣ ਦੀ ਸੰਭਾਵਨਾ 1995 ਅਤੇ 2017 ਵਿਚਾਲੇ ਇਲਾਜ ਕਰਾਉਣ ਵਾਲੇ ਰੋਗੀਆਂ ਦੀ ਤੁਲਨਾ ਵਿਚ 36 ਫ਼ੀਸਦੀ ਵੱਧ ਹੋ ਗਈ ਹੈ।
ਦਿ ਲੈਂਸੇਟ ਰੀਜਨਲ ਹੈਲਥ ਸਾਊਥਈਸਟ ਏਸ਼ੀਆ ਵਿਚ ਪ੍ਰਕਾਸ਼ਿਤ ਤੱਥਾਂ ਤੋਂ ਪਤਾ ਲੱਗਾ ਹੈ ਕਿ ਪੀਐੱਮ-ਜੇਏਵਾਈ ਲਾਗੂ ਹੋਣ ਤੋਂ ਬਾਅਦ ਹੁਣ ਜ਼ਿਆਦਾ ਲੋਕ ਕੈਂਸਰ ਦਾ ਸਮੇਂ ’ਤੇ ਇਲਾਜ ਸ਼ੁਰੂ ਕਰਵਾਉਣ ਲੱਗੇ ਹਨ। ਖੋਜੀਆਂ ਵਿਚ ਪੀਜੀਆਈਐੱਮਈਆਰ ਚੰਡੀਗੜ੍ਹ ਦੇ ਖੋਜੀ ਵੀ ਸ਼ਾਮਲ ਸਨ। ਖੋਜੀਆਂ ਨੇ ਤਾਮਿਲਨਾਡੂ, ਮਹਾਰਾਸ਼ਟਰ ਅਤੇ ਦਿੱਲੀ ਵਰਗੇ ਛੇ ਰਾਜਾਂ ਦੇ ਸੱਤ ਪ੍ਰਮੁੱਖ ਕੈਂਸਰ ਹਸਪਤਾਲਾਂ ਵਿਚ ਅਕਤੂਬਰ 2020 ਅਤੇ ਮਾਰਚ 2022 ਵਿਚਾਲੇ ਭਰਤੀ ਕੀਤੇ ਗਏ ਲਗਪਗ 6,700 ਕੈਂਸਰ ਰੋਗੀਆਂ ਦਾ ਵਿਸ਼ਲੇਸ਼ਣ ਕੀਤਾ। ਸਿਹਤ ਦੇਖਭਾਲ ਲਾਗਤ ਅਤੇ ਜੀਵਨ ਦੀ ਗੁਣਵੱਤਾ ਸਣੇ ਕਈ ਪਹਿਲੂਆਂ ’ਤੇ ਰੋਗੀਆਂ ਦੀ ਇੰਟਰਵਿਊ ਕੀਤੀ ਗਈ। ਇਸ ਵਿਚ ਪਾਇਆ ਗਿਆ ਕਿ ਜਾਂਚ ਤੋਂ ਬਾਅਦ ਰੋਗ ਦਾ ਪਤਾ ਚੱਲਣ ਮਗਰੋਂ ਕੈਂਸਰ ਦਾ ਇਲਾਜ ਸ਼ੁਰੂ ਕਰਨ ਦੀ ਆਮ ਮਿਆਦ 20 ਦਿਨ ਹੈ। ਸਿਰ ਤੇ ਗਰਦਨ ਦੇ ਕੈਂਸਰ ਵਾਲੇ ਮਰੀਜ਼ਾਂ ਵਿਚ ਇਲਾਜ ਸ਼ੁਰੂ ਕਰਨ ਦੀ ਮਿਆਦ ਸਭ ਤੋਂ ਵੱਧ 29 ਦਿਨ ਹੈ। ਬ੍ਰੈਸਟ ਕੈਂਸਰ ਦੇ ਮਰੀਜ਼ਾਂ ਦਾ 25 ਦਿਨ ਵਿਚ ਅਤੇ ਬਲੱਡ ਕੈਂਸਰ ਦੇ ਮਰੀਜ਼ਾਂ ਦਾ ਸਭ ਤੋਂ ਘੱਟ 11 ਦਿਨ ਵਿਚ ਇਲਾਜ ਸ਼ੁਰੂ ਹੋ ਜਾਂਦਾ ਹੈ।
ਅਧਿਐਨ ਵਿਚ ਕਿਹਾ ਗਿਆ ਹੈ ਕਿ ਪਿਛਲੇ ਕੁਝ ਸਾਲਾਂ ਵਿਚ ਕੈਂਸਰ ਦਾ ਇਲਾਜ ਸ਼ੁਰੂ ਕਰਨ ਵਿਚ ਘੱਟ ਸਮਾਂ ਲੱਗਣ ਲੱਗਾ ਹੈ। ਇਸ ਵਿਚ ਉਨ੍ਹਾਂ ਲੋਕਾਂ ਦੀ ਗਿਣਤੀ ਜ਼ਿਕਰਯੋਗ ਰੂਪ ਨਾਲ ਵੱਧ ਹੈ, ਜਿਨ੍ਹਾਂ ਦਾ ਇਲਾਜ ਆਯੁਸ਼ਮਾਨ ਭਾਰਤ ਯੋਜਨਾ ਤਹਿਤ ਚੱਲ ਰਿਹਾ ਹੈ। ਆਯੁਸ਼ਮਾਨ ਭਾਰਤ ਵਿਚ ਰਜਿਸਟ੍ਰੇਸ਼ਨ ਤੋਂ ਬਾਅਦ ਕੈਂਸਰ ਰੋਗੀਆਂ ਦਾ ਸਮੇਂ ’ਤੇ ਇਲਾਜ ਸ਼ੁਰੂ ਹੋਣ ਦੀ ਸੰਭਾਵਨਾ ਵੱਧ ਗਈ ਹੈ। ਘੱਟ ਆਮਦਨੀ ਵਾਲੇ ਲੋਕਾਂ ਦੀ ਤੁਲਨਾ ਵਿਚ ਉੱਚ ਆਮਦਨ ਵਾਲੇ ਲੋਕ ਸਮੇਂ ’ਤੇ ਇਲਾਜ ਸ਼ੁਰੂ ਕਰਨ ਵਿਚ ਦੇਰੀ ਨਹੀਂ ਕਰਦੇ।