ਚੰਡੀਗੜ੍ਹ – ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦਾ ਕਹਿਣਾ ਹੈ ਕਿ ਪੰਜਾਬ ਵਿਚ ਪੁਲਿਸ ਥਾਣਿਆਂ ਤੇ ਚੌਕੀਆਂ ’ਤੇ ਹਮਲੇ ਵਿਦੇਸ਼ ਤੋਂ ਖ਼ਾਲਿਸਤਾਨ ਜ਼ਿੰਦਾਬਾਦ ਫੋਰਸ (ਕੇਜ਼ੈੱਡਐੱਫ) ਦਾ ਪ੍ਰਮੁੱਖ ਰਣਜੀਤ ਸਿੰਘ ਨੀਟਾ ਕਰਵਾ ਰਿਹਾ ਹੈ। ਹਮਲਿਆਂ ਨੂੰ ਅੰਜਾਮ ਦੇਣ ਲਈ ਨੀਟਾ ਗ੍ਰੀਸ ਵਿਚ ਬੈਠੇ ਜਸਵਿੰਦਰ ਸਿੰਘ ਬਾਗੀ ਉਰਫ਼ ਮਨੂੰ ਅਗਵਾਨ ਨੂੰ ਹੈਂਡਲਰ ਦੇ ਰੂਪ ਵਿਚ ਇਸਤੇਮਾਲ ਕਰ ਰਿਹਾ ਹੈ। ਕੇਜ਼ੈੱਡਐੱਫ ਨਾਲ ਜੁੜਿਆ ਬਰਤਾਨੀਆਂ ਵਿਚ ਬੈਠੇ ਇਕ ਹੈਂਡਲਰ ਜਗਜੀਤ ਸਿੰਘ ਨੇ ਥਾਣਿਆਂ ਤੇ ਚੌਕੀਆਂ ’ਤੇ ਧਮਾਕਿਆਂ ਦੀ ਜ਼ਿੰਮੇਵਾਰੀ ਲੈਣ ਲਈ ‘ਫ਼ਤੇਹ ਸਿੰਘ ਬਾਗੀ’ ਦੀ ਪਛਾਣ ਦਾ ਇਸਤੇਮਾਲ ਕੀਤਾ ਹੈ। ਜਗਜੀਤ ਬ੍ਰਿਟਿਸ਼ ਆਰਮੀ ਵਿਚ ਕੰਮ ਕਰ ਰਿਹਾ ਹੈ। ਡੀਆਈਜੀ ਬਾਰਡਰ ਰੇਂਜ ਸਤਿੰਦਰ ਸਿੰਘ ਨੇ ਦੱਸਿਆ ਕਿ ਤਕਨੀਕੀ ਤੇ ਖ਼ੁਫ਼ੀਆ ਇਨਪੁਟ ਵਿਚ ਇਹ ਜਾਣਕਾਰੀ ਸਾਹਮਣੇ ਆਈ ਸੀ ਕਿ ਇਨ੍ਹਾਂ ਧਮਾਕਿਆਂ ਵਿਚ ਸ਼ਾਮਲ ਮੁਲਜ਼ਮ ਯੂਪੀ ਦੇ ਪੀਲੀਭੀਤ ਵਿਚ ਕਿਤੇ ਪਨਾਹ ਲੈ ਕੇ ਬੈਠੇ ਹੋਏ ਹਨ। ਪੰਜਾਬ ਪੁਲਿਸ ਨੇ ਸਾਂਝੀ ਮੁਹਿੰਮ ਸ਼ੁਰੂ ਕਰਨ ਲਈ ਗੁਰਦਾਸਪੁਰ ਤੋਂ ਪੁਲਿਸ ਟੀਮਾਂ ਨੂੰ ਪੀਲੀਭੀਤ ਭੇਜਿਆ ਸੀ।
ਮਾਰੇ ਗਏ ਤਿੰਨੋਂ ਮੁਲਜ਼ਮ ਜ਼ਿਲ੍ਹਾ ਗੁਰਦਾਸਪੁਰ ਦੇ ਰਹਿਣ ਵਾਲੇ ਸਨ। ਜ਼ਿਲ੍ਹੇ ਦੇ ਸਰਹੱਦੀ ਥਾਣਾ ਕਲਾਨੌਰ ਵਿਚ ਪੁਲਿਸ ਚੌਕੀ ਬਖ਼ਸ਼ੀਵਾਲ ’ਤੇ 18 ਦਸੰਬਰ ਦੀ ਰਾਤ ਗ੍ਰਨੇਡ ਸੁੱਟਣ ਤੋਂ ਬਾਅਦ ਸਾਰੇ ਆਪਣੇ ਘਰਾਂ ਤੋਂ ਗਾਇਬ ਸਨ। ਮੁਲਜ਼ਮ ਜਸ਼ਨਪ੍ਰੀਤ (18) ਕਲਾਨੌਰ ਦੇ ਪਿੰਡ ਨਿੱਕਾ ਸ਼ਹੂਰ, ਵਰਿੰਦਰ ਸਿੰਘ ਉਰਫ਼ ਰਵੀ (23) ਪਿੰਡ ਅਗਵਾਨ ਤੇ ਗੁਰਵਿੰਦਰ ਸਿੰਘ (25) ਮੁਹੱਲਾ ਕਲਾਨੌਰ ਵਿਚ ਰਹਿੰਦੇ ਸਨ। ਤਿੰਨੋਂ ਨਸ਼ੇ ਦੇ ਆਦੀ ਦੱਸੇ ਜਾਂਦੇ ਸਨ। ਜਸ਼ਨਪ੍ਰੀਤ ਦੀ ਮਾਂ ਤੇ ਪਤਨੀ ਨੇ ਦੱਸਿਆ ਕਿ ਜਸ਼ਨਪ੍ਰੀਤ ਤੇ ਵਰਿੰਦਰ ਟਰੱਕ ਡਰਾਇਵਰੀ ਕਰਦੇ ਸਨ। ਉਹ ਮੰਗਲਵਾਰ ਨੂੰ ਇਕੱਠੇ ਘਰ ਤੋਂ ਗਏ ਸਨ। ਉਨ੍ਹਾਂ ਜਸ਼ਨਪ੍ਰੀਤ ਨੂੰ ਨਿਰਦੋਸ਼ ਦੱਸਦੇ ਹੋਏ ਕਿਹਾ ਕਿ ਮਾਮਲੇ ਦੀ ਜਾਂਚ ਡੂੰਘਾਈ ਨਾਲ ਕਰਨੀ ਚਾਹੀਦੀ ਹੈ। ਵਰਿੰਦਰ ਦਾ ਪਰਿਵਾਰ ਵੀ ਕਾਫੀ ਗ਼ਰੀਬ ਹੈ। ਇਸ ਸਮੇਂ ਉਸ ਦੇ ਘਰ ’ਤੇ ਤਾਲਾ ਲੱਗਾ ਹੋਇਆ ਹੈ। ਗੁਰਵਿੰਦਰ ਮਾਤਾ-ਪਿਤਾ ਦਾ ਇਕਲੌਤਾ ਬੇਟਾ ਸੀ, ਜਿਸਨੂੰ ਉਨ੍ਹਾਂ ਗੋਦ ਲਿਆ ਸੀ। ਬੇਰੁਜ਼ਗਾਰ ਗੁਰਵਿੰਦਰ ’ਤੇ ਇਕ ਨੌਜਵਾਨ ਨੂੰ ਨਹਿਰ ਵਿਚ ਧੱਕਾ ਦੇ ਕੇ ਕਤਲ ਕਰਨ ਦਾ ਮਾਮਲਾ ਦਰਜ ਹੈ। ਉਹ ਜ਼ਮਾਨਤ ’ਤੇ ਰਿਹਾਅ ਹੋ ਕੇ ਬਾਹਰ ਆਇਆ ਸੀ। ਉਹ ਵੀ ਮੰਗਲਵਾਰ ਨੂੰ ਘਰ ਤੋਂ ਨਿਕਲਿਆ ਸੀ। ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਬੇਟਾ ਬੇਕਸੂਰ ਸੀ।