ਚੰਡੀਗੜ੍ਹ – ਆਮ ਆਦਮੀ ਪਾਰਟੀ ਦੀ ਹਾਈਕਮਾਨ ਨੇ ਆਪ ਦੇ ਸਾਰੇ ਵਿਧਾਇਕਾਂ ਤੇ ਮੰਤਰੀਆਂ ਨੂੰ ਮੰਗਲਵਾਰ ਨੂੰ ਵਿਸ਼ੇਸ਼ ਮੀਟਿੰਗ ਲਈ ਦਿੱਲੀ ਬੁਲਾਇਆ ਹੈ। ਵਿਧਾਇਕਾਂ ਨੂੰ ਦਿੱਲੀ ਬੁਲਾਏ ਜਾਣ ਕਾਰਨ ਮੰਗਲਵਾਰ ਨੂੰ ਵਿਧਾਨ ਸਭਾ ਦੀਆਂ ਵੱਖ-ਵੱਖ ਕਮੇਟੀਆਂ ਦੀਆਂ ਹੋਣ ਵਾਲੀਆਂ ਮੀਟਿੰਗਾਂ ਵੀ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਕਈ ਵਿਧਾਇਕਾਂ ਨੇ ਦਿੱਲੀ ਜਾਣ ਦੀ ਪੁਸ਼ਟੀ ਕੀਤੀ ਹੈ। ਦੱਸਿਆਂ ਜਾਂਦਾ ਹੈ ਕਿ ਪੰਜਾਬ ਦੇ ਵਿਧਾਇਕਾਂ ਨੂੰ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਦੇ ਮੱਦੇਨਜ਼ਰ ਬੁਲਾਇਆ ਗਿਆ ਹੈ।
ਪਾਰਟੀ ਦੇ ਕਨਵੀਨਰ ਤੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਸਕੱਤਰ ਜਨਰਲ ਸੰਦੀਪ ਪਾਠਕ ਵੱਲੋਂ ਵਿਧਾਇਕਾਂ ਨਾਲ ਮੀਟਿੰਗ ਕਰਨਗੇ। ਦੱਸਿਆ ਜਾਂਦਾ ਹੈ ਕਿ ਸੂਬੇ ਦੇ ਵਿਧਾਇਕਾਂ ਦੀ ਵੱਖ ਵੱਖ ਵਿਧਾਨ ਸਭਾ ਹਲਕਿਆਂ , ਕਾਲੌਨੀਆਂ, ਵਾਰਡਾਂ ਵਿਚ ਡਿਊਟੀ ਲਗਾਈ ਜਾਵੇਗੀ। ਹਾਲਾਂਕਿ ਚੋਣ ਕਮਿਸ਼ਨ ਨੇ ਅਜੇ ਚੋਣਾਂ ਦਾ ਐਲਾਨ ਨਹੀਂ ਕੀਤਾ ਪਰ ਪਾਰਟੀ ਨੇ ਆਪਣੀਆਂ ਤਿਆਰੀਆਂ ਖਿੱਚ ਦਿੱਤੀਆਂ ਹਨ। ਆਪ ਨੇ ਬਕਾਇਦਾ ਉਮੀਦਵਾਰ ਐਲਾਨ ਦਿੱਤੇ ਹਨ ਤੇ ਚੋਣ ਮੁਹਿੰਮ ਵੀ ਇਕ ਤਰ੍ਹਾਂ ਨਾਲ ਸ਼ੁਰੂ ਕਰ ਦਿੱਤੀ ਹੈ। ਆਪ ਲਈ ਦਿੱਲੀ ਚੋਣਾਂ ਇਸ ਵਾਰ ਬਹੁਤ ਮਾਅਨੇ ਰੱਖਦੇ ਹਨ। ਜਿਸ ਕਰਕੇ ਆਪ ਕੋਈ ਢਿੱਲ ਨਹੀਂ ਵਰਤਣਾ ਚਾਹੁੰਦੀ।
ਇਸ ਤੋਂ ਪਹਿਲਾਂ ਪਾਰਟੀ ਦੇ ਸਕੱਤਰ ਜਨਰਲ ਸੰਦੀਪ ਪਾਠਕ ਨੇ ਪਿਛਲੇ ਦਿਨਾਂ ਵਿਚ ਪਾਰਟੀ ਦੇ ਆਗੂਆਂ, ਜ਼ਿਲ੍ਹਾ ਪ੍ਰਧਾਨਾਂ, ਜਨਰਲ ਸਕੱਤਰਾਂ ਤੇ ਹੋਰ ਆਗੂਆਂ ਨੂੰ ਦਿੱਲੀ ਬੁਲਾਇਆ ਸੀ। ਇਨ੍ਹਾਂ ਆਗੂਆਂ ਦੀ ਬਕਾਇਦਾ ਡਿਊਟੀ ਲਗਾ ਦਿੱਤੀ ਗਈ ਹੈ। ਜ਼ਿਲ੍ਹਾ ਪੱਧਰ ਦੇ ਆਗੂਆਂ ਦੀ ਡੋਰ ਟੂ ਡੋਰ ਮੁਹਿੰਮ ’ਚ ਡਿਊਟੀ ਲਗਾਉਂਦੇ ਹੋਏ ਟਿਪਸ ਦੇ ਦਿੱਤੇ ਗਏ ਹਨ।
ਪਾਰਟੀ ਸੂਤਰ ਦੱਸਦੇ ਹਨ ਕਿ ਇਸ ਵਾਰ ਪਾਰਟੀ ਲੀਡਰਸ਼ਿਪ ਮਹਿਸੂਸ ਕਰ ਰਹੀ ਹੈ ਕਿ ਦਿੱਲੀ ਚੋਣਾਂ ਵਿਚ ਫਸਵੀ ਟੱਕਰ ਹੋ ਸਕਦੀ ਹੈ। ਆਪ ਇਕੱਲੇ ਤੌਰ ’ਤੇ ਚੋਣ ਲੜ ਰਹੀ ਸਿੱਟੇ ਵਜੋਂ ਪਾਰਟੀ ਨੇ ਸਾਰੇ ਉਮੀਦਵਾਰ ਐਲਾਨ ਦਿੱਤੇ ਹਨ। ਇਸ ਤਰਾਂ ਹੋਰਨਾਂ ਪਾਰਟੀਆਂ ਖ਼ਾਸ ਕਰਕੇ ਕਾਂਗਰਸ ਨਾਲ ਗਠਜੋੜ ਦੀਆਂ ਸੰਭਾਵਨਾਂ ਖ਼ਤਮ ਹੋ ਗਈਆਂ ਹਨ। ਜਿਸ ਕਰਕੇ ਆਪ ਨੇ ਅਗੇਤੀਆਂ ਤਿਆਰੀਆਂ ਖਿੱਚ ਦਿੱਤੀਆਂ ਹਨ। ਦੱਸਿਆ ਜਾਂਦਾ ਹੈ ਕਿ ਕਈ ਵਿਧਾਇਕ ਤੇ ਮੰਤਰੀ ਤਾਂ ਸੌਮਵਾਰ ਨੂੰ ਇੱਥੋ ਰਵਾਨਾ ਹੋ ਗਏ ਹਨ।