ਖ਼ੁਦ ਨੂੰ ਕੰਪਨੀ ਦਾ ਡਾਇਰੈਕਟਰ ਦੱਸ ਕੇ ਅਕਾਊਂਟੈਂਟ ਕੋਲੋਂ ਟਰਾਂਸਫਰ ਕਰਵਾਈ 86 ਲੱਖ ਦੀ ਰਕਮ

ਲੁਧਿਆਣਾ – ਸਾਈਬਰ ਅਪਰਾਧੀ ਨੇ ਟੈਕਸਟਾਈਲ ਕੰਪਨੀ ਦੇ ਅਕਾਊਂਟੈਂਟ ਨੂੰ ਇਸ ਕਦਰ ਝਾਂਸੇ ਵਿੱਚ ਲਿਆ ਕਿ ਉਸਨੇ ਨੌਸਰਬਾਜ ਦੇ ਖਾਤੇ ਵਿੱਚ 86 ਲੱਖ ਰੁਪਏ ਦੀ ਰਕਮ ਟਰਾਂਸਫਰ ਕਰ ਦਿੱਤੀ । ਇਸ ਮਾਮਲੇ ਵਿੱਚ ਥਾਣਾ ਸਾਈਬਰ ਕ੍ਰਾਈਮ ਦੀ ਟੀਮ ਨੇ ਸਿਵਲ ਲਾਈਨ ਦੇ ਰਹਿਣ ਵਾਲੇ ਕਾਰੋਬਾਰੀ ਸ਼ਰੇਨੀਕ ਜੈਨ ਦੀ ਸ਼ਿਕਾਇਤ ਤੇ ਅਣਪਛਾਤੇ ਨੌਸਰਬਾਜ ਦੇ ਖ਼ਿਲਾਫ਼ ਮੁਕਦਮਾ ਦਰਜ ਕਰ ਲਿਆ ਹੈ।

ਜਾਣਕਾਰੀ ਦਿੰਦਿਆਂ ਤਫਤੀਸ਼ੀ ਅਫਸਰ ਹਰਮਨਜੀਤ ਸਿੰਘ ਨੇ ਦੱਸਿਆ ਕਿ ਟੈਕਸਟਾਈਲ ਕਾਰੋਬਾਰ ਸ਼ਰੇਕੀਕ ਜੈਨ ਨੇ ਸ਼ਿਕਾਇਤ ਵਿੱਚ ਦੱਸਿਆ ਕਿ ਅਮਿਤ ਸਲਾਰੀਆ ਨਾਮ ਦਾ ਅਕਾਊਂਟੈਂਟ ਉਨ੍ਹਾਂ ਦੀ ਕੰਪਨੀ ਵਿੱਚ ਕੰਮ ਕਰਦਾ ਹੈ। ਕੁਝ ਦਿਨ ਪਹਿਲੋਂ ਅਮਿਤ ਨੂੰ ਇੱਕ ਵੈਟਸਐਪ ਨੰਬਰ ਤੋਂ ਫੋਨ ਆਇਆ । ਉਕਤ ਵਿਅਕਤੀ ਨੇ ਵਟਸਐਪ ਪ੍ਰੋਫਾਈਲ ਫੋਟੋ ਸ਼ਰੇਨੀਕ ਜੈਨ ਦੀ ਲਗਾਈ ਹੋਈ ਸੀ। ਅਮਿਤ ਨੂੰ ਜਾਪਿਆ ਕਿ ਉਸਦਾ ਮਾਲਕ ਸ਼ਰੇਨੀਕ ਜੈਨ ਹੀ ਉਸ ਨਾਲ ਵਟਸਐਪ ਕਾਲ ਤੇ ਗੱਲ ਕਰ ਰਿਹਾ ਹੈ। ਨੌਸਰਬਾਜ ਨੇ ਅਮਿਤ ਨੂੰ ਪੂਰੀ ਤਰ੍ਹਾਂ ਆਪਣੇ ਪ੍ਰਭਾਵ ਵਿੱਚ ਲੈ ਲਿਆ । ਮੁਲਜਮ ਨੇ ਅਕਾਊਂਟੈਂਟ ਨੂੰ ਆਖਿਆ ਆ ਕੇ ਨਵੇਂ ਪ੍ਰੋਜੈਕਟ ਲਈ ਉਹ ਆਈਸੀ ਆਈਸੀਆਈ ਬੈਂਕ ਦੇ ਇੱਕ ਖਾਤੇ ਵਿੱਚ 86 ਲੱਖ ਰੁਪਏ ਰਕਮ ਤੁਰੰਤ ਟ੍ਰਾਂਸਫਰ ਕਰੇ ।

ਝਾਂਸੇ ਵਿੱਚ ਆਏ ਅਕਾਊਂਟੈਂਟ ਅਮਿਤ ਸਲਾਰੀਆ ਨੇ ਦੱਸੇ ਗਏ ਖਾਤਾ ਨੰਬਰ ਵਿੱਚ 86 ਲੱਖ ਰੁਪਏ ਟਰਾਂਸਫਰ ਕਰ ਦਿੱਤੇ । ਕੁਝ ਸਮੇਂ ਬਾਅਦ ਇਹ ਸਾਫ ਹੋਇਆ ਕਿ ਨੌਸਰਬਾਜ ਕੰਪਨੀ ਨਾਲ 86 ਲੱਖ ਰੁਪਏ ਦੀ ਧੋਖਾਧੜੀ ਕਰ ਗਿਆ ਹੈ। ਜਾਂਚ ਅਧਿਕਾਰੀ ਹਰਮਨਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਇਸ ਮਾਮਲੇ ਵਿੱਚ ਪੜਤਾਲ ਤੋਂ ਬਾਅਦ ਅਣਪਛਾਤੇ ਨੌਸਰਬਾਜ ਦੇ ਖਿਲਾਫ ਮੁਕਦਮਾ ਦਰਜ ਕਰਕੇ ਮੁਲਜਮ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।