ਫੇਕ ਵੀਡੀਓ ਬਣਾ ਕੇ ਐੱਸਸੀ ਭਾਈਚਾਰੇ, ਡਾ. ਬੀ.ਆਰ. ਅੰਬੇਦਕਰ ਤੇ ਕਿਸਾਨਾਂ ਖ਼ਿਲਾਫ਼ ਬੋਲੇ ਮਾੜੇ ਸ਼ਬਦ

ਲੁਧਿਆਣਾ – ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀਆਂ ਫੇਕ ਵੀਡੀਓ ਬਣਾ ਕੇ ਡਾਕਟਰ ਬੀ. ਆਰ. ਅੰਬੇਡਕਰ ,ਐਸਸੀ ਭਾਈਚਾਰੇ ਅਤੇ ਕਿਸਾਨਾਂ ਖ਼ਿਲਾਫ਼ ਮੰਦਭਾਗੀ ਭਾਸ਼ਾ ਦੀ ਵਰਤੋਂ ਕਰਨ ਦੇ ਮਾਮਲੇ ਵਿੱਚ ਲੁਧਿਆਣਾ ਦੇ ਵੱਖ-ਵੱਖ ਥਾਣਿਆਂ ਦੀ ਪੁਲਿਸ ਨੇ ਮੁਕਦਮੇ ਦਰਜ ਕੀਤੇ ਹਨ। ਥਾਣਾ ਡਵੀਜ਼ਨ ਨੰਬਰ 5ਦੀ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਲੇਬਰ ਕਲੋਨੀ ਜਵਾਹਰ ਨਗਰ ਕੈਂਪ ਦੇ ਰਹਿਣ ਵਾਲੇ ਕਪਿਲ ਕੁਮਾਰ ਨੇ ਦੱਸਿਆ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਅਰਵਿੰਦ ਕੇਜਰੀਵਾਲ ਦੀ ਫੇਕ ਵੀਡੀਓ ਬਣਾ ਕੇ ਡਾਕਟਰ ਬੀ ਆਰ ਅੰਬੇਡਕਰ ਅਤੇ ਐਸਸੀ ਐਸਟੀ ਸਮਾਜ ਦੇ ਖ਼ਿਲਾਫ਼ ਅਪ ਸ਼ਬਦ ਬੋਲੇ ਹਨ। ਇਸੇ ਤਰ੍ਹਾਂ ਮੁਲਜ਼ਮ ਨੇ ਕਿਸਾਨਾਂ ਖ਼ਿਲਾਫ਼ ਵੀ ਮਾੜੀ ਭਾਸ਼ਾ ਦੀ ਵਰਤੋਂ ਕੀਤੀ। ਥਾਣਾ ਦੁਗਰੀ ਦੀ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਦੁਗਰੀ ਦੇ ਰਹਿਣ ਵਾਲੇ ਹਰੀ ਸਿੰਘ ਨੇ ਦੱਸਿਆ ਦਿੱਲੀ ਦੇ ਵਾਸੀ ਵਿਭੋਰ ਆਨੰਦ ਵੱਲੋਂ ਸੋਸ਼ਲ ਮੀਡੀਆ ਉੱਪਰ ਅਰਵਿੰਦ ਕੇਜਰੀਵਾਲ ਦੇ ਭਾਸ਼ਣ ਦੀ ਇੱਕ ਵੀਡੀਓ ਐਡਿਟ ਕਰ ਕੇ ਐੱਸੀ ਅਤੇ ਐੱਸਟੀ ਭਾਈਚਾਰੇ ਦੇ ਖ਼ਿਲਾਫ਼ ਗ਼ਲਤ ਸ਼ਬਦਾਂ ਦੀ ਵਰਤੋਂ ਕੀਤੀ ਗਈ । ਸ਼ਿਕਾਇਤ ਵਿੱਚ ਹਰੀ ਸਿੰਘ ਨੇ ਦੱਸਿਆ ਕਿ ਮੁਲਜ਼ਮ ਦੇ ਅਜਿਹਾ ਕਰਨ ਨਾਲ ਅਮਨ ਸ਼ਾਂਤੀ ਭੰਗ ਹੋ ਸਕਦੀ ਹੈ ਅਤੇ ਇਸ ਦੇ ਨਾਲ ਐਸਸੀ ਅਤੇ ਐਸਟੀ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਵੀ ਠੇਸ ਪਹੁੰਚੀ ਹੈ ।

ਮੁਲਜ਼ਮ ਅਜਿਹਾ ਕਰਕੇ ਸਮਾਜ ਵਿੱਚ ਅਰਵਿੰਦ ਕੇਜਰੀਵਾਲ ਦੀ ਛਵੀ ਵਿਗਾੜਨਾ ਚਾਹੁੰਦਾ ਹੈ । ਇਸ ਮਾਮਲੇ ਵਿੱਚ ਥਾਣਾ ਦੁਗਰੀ ਦੀ ਪੁਲਿਸ ਨੇ ਹਰੀ ਸਿੰਘ ਦੀ ਸ਼ਿਕਾਇਤ ਤੇ ਦਿੱਲੀ ਦੇ ਵਾਸੀ ਵਿਭੋਰ ਆਨੰਦ ਦੇ ਖ਼ਿਲਾਫ਼ ਮੁਕਦਮਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅਜਿਹੇ ਹੀ ਇੱਕ ਮਾਮਲੇ ਵਿੱਚ ਥਾਣਾ ਮਾਡਲ ਟਾਊਨ ਦੀ ਪੁਲਿਸ ਨੇ ਡਾਕਟਰ ਅੰਬੇਦਕਰ ਨਗਰ ਦੇ ਵਾਪਸੀ ਸੁਰਿੰਦਰ ਕਲਿਆਣ ਦੀ ਸ਼ਿਕਾਇਤ ਤੇ ਅਣਪਛਾਤੇ ਵਿਅਕਤੀ ਦੇ ਖ਼ਿਲਾਫ਼ ਮੁਕਦਮਾ ਦਰਜ ਕੀਤਾ ਹੈ। ਲੁਧਿਆਣਾ ਦੇ ਥਾਣਾ ਹੈਬੋਵਾਲ ਦੀ ਪੁਲਿਸ ਨੇ ਜੋਸ਼ੀ ਨਗਰ ਦੇ ਰਹਿਣ ਵਾਲੇ ਮਨਪ੍ਰੀਤ ਸਿੰਘ ਦੀ ਸ਼ਿਕਾਇਤ ਤੇ ਇੱਕ ਅਣਪਛਾਤੇ ਵਿਅਕਤੀ ਨੂੰ ਕੇਜਰੀਵਾਲ ਦੀ ਵੀਡੀਓ ਐਡਿਟ ਕਰ ਕੇ ਐਸਸੀ ਭਾਈਚਾਰੇ ਦੇ ਖ਼ਿਲਾਫ਼ ਬੋਲਣ ਦੇ ਚਲਦੇ ਇੱਕ ਐਫ ਆਈ ਆਰ ਦਰਜ ਕੀਤੀ ਹੈ। ਇਸੇ ਤਰ੍ਹਾਂ ਥਾਣਾ ਸਲੀਮ ਟਾਬਰੀ ਦੀ ਪੁਲਿਸ ਨੇ ਆਮ ਆਦਮੀ ਪਾਰਟੀ ਦੇ ਆਗੂ ਵਿਜੇ ਦਾਨਵ ਦੀ ਸ਼ਿਕਾਇਤ ਤੇ ਵੀਡੀਓ ਐਡਿਟ ਕਰ ਕੇ ਅਰਵਿੰਦ ਕੇਜਰੀਵਾਲ ਦੀ ਛਵੀ ਵਿਗਾੜਨ ਦੇ ਚਲਦਿਆਂ ਅਣਪਛਾਤੇ ਵਿਅਕਤੀ ਦੇ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਲੁਧਿਆਣਾ ਪੁਲਿਸ ਦਾ ਕਹਿਣਾ ਹੈ ਕਿ ਇਨ੍ਹਾਂ ਮਾਮਲਿਆਂ ਵਿੱਚ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।