ਮੈਲਬਰਨ- ਇੱਥੇ ਅਭਿਆਸ ਸੈਸ਼ਨ ਦੌਰਾਨ ਭਾਰਤੀ ਕ੍ਰਿਕਟ ਕਪਤਾਨ ਰੋਹਿਤ ਸ਼ਰਮਾ ਦੇ ਖੱਬੇ ਗੋਡੇ ਜਦਕਿ ਤੇਜ਼ ਗੇਂਦਬਾਜ਼ ਆਕਾਸ਼ ਦੀਪ ਦੇ ਹੱਥ ’ਤੇ ਸੱਟ ਲੱਗ ਗਈ। ਹਾਲਾਂਕਿ ਆਕਾਸ਼ਦੀਪ ਨੇ ਬਾਅਦ ਵਿੱਚ ਕਿਹਾ ਕਿ ਸੱਟ ਗੰਭੀਰ ਨਹੀਂ ਹੈ ਅਤੇ ਭਾਰਤੀ ਟੀਮ ਨੂੰ 26 ਦਸੰਬਰ ਤੋਂ ਆਸਟਰੇਲੀਆ ਖ਼ਿਲਾਫ਼ ਸ਼ੁਰੂ ਹੋਣ ਵਾਲੇ ਚੌਥੇ ਟੈਸਟ ਮੈਚ ਤੋਂ ਪਹਿਲਾਂ ਫਿਟਨੈਸ ਸਬੰਧੀ ਕਿਸੇ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਇਨ੍ਹਾਂ ਦੋਵੇਂ ਖਿਡਾਰੀਆਂ ਦੇ ਮੈਲਬਰਨ ਕ੍ਰਿਕਟ ਗਰਾਊਂਡ ’ਤੇ ਅਭਿਆਸ ਸੈਸ਼ਨ ਦੌਰਾਨ ਥ੍ਰੋਅ ਡਾਊਨ ਦਾ ਸਾਹਮਣਾ ਕਰਦਿਆਂ ਸੱਟ ਲੱਗੀ ਹੈ। ਰੋਹਿਤ ਨੇ ਖੱਬੇ ਗੋਡੇ ’ਤੇ ਸੱਟ ਲੱਗਣ ਦੇ ਬਾਵਜੂਦ ਬੱਲੇਬਾਜ਼ੀ ਦਾ ਅਭਿਆਸ ਜਾਰੀ ਰੱਖਿਆ ਪਰ ਬਾਅਦ ਵਿੱਚ ਇੱਕ ਫਿਜ਼ੀਓਥੈਰੇਪਿਸਟ ਨੇ ਉਸ ਦਾ ਇਲਾਜ ਕੀਤਾ। ਉਹ ਕੁਝ ਦੇਰ ਕੁਰਸੀ ’ਤੇ ਬੈਠਾ ਰਿਹਾ ਅਤੇ ਫਿਰ ਚੁੱਪਚਾਪ ਚਲਾ ਗਿਆ।
ਮੈਲਬਰਨ ਟੈਸਟ ਤੋਂ ਪਹਿਲਾਂ ਰੋਹਿਤ ਤੇ ਆਕਾਸ਼ ਦੀਪ ਜ਼ਖ਼ਮੀ
