ਚੰਡੀਗੜ੍ਹ- ਪੰਜਾਬ ’ਚ ਗੁਰਦਾਸਪੁਰ ਵਿੱਚ ਹੋਏ ਗਰਨੇਡ ਹਮਲੇ ਵਿੱਚ ਕਥਿਤ ਤੌਰ ‘ਤੇ ਸ਼ਾਮਲ ਤਿੰਨ ਅੱਤਵਾਦੀ ਸ਼ੱਕੀ ਦਹਿਸ਼ਤਗਰਦ ਸੋਮਵਾਰ ਤੜਕੇ ਪੀਲੀਭੀਤ ਵਿੱਚ ਉੱਤਰ ਪ੍ਰਦੇਸ਼ ਅਤੇ ਪੰਜਾਬ ਪੁਲੀਸ ਦੀ ਸਾਂਝੀ ਟੀਮ ਨਾਲ ਹੋਏ ਮੁਕਾਬਲੇ ਵਿੱਚ ਮਾਰੇ ਗਏ ਹਨ। ਇਸ ਨੂੰ ਪੰਜਾਬ ਦੇ ਡਾਇਰੈਕਟਰ ਜਨਰਲ ਪੁਲੀਸ (DGP) ਗੌਰਵ ਯਾਦਵ ਨੇ ਪਾਕਿਸਤਾਨ ਦੀ ਸ਼ਹਿ ਪ੍ਰਾਪਤ ਖ਼ਾਲਿਸਤਾਨ ਜ਼ਿੰਦਾਬਾਦ ਫੋਰਸ ਮਾਡਿਊਲ ਖ਼ਿਲਾਫ਼ ਪੁਲੀਸ ਦੀ ਇੱਕ ਵੱਡੀ ਸਫਲਤਾ ਕਰਾਰ ਦਿੱਤਾ ਹੈ।
ਮਾਰੇ ਗਏ ਦੋਸ਼ੀਆਂ ਦੀ ਪਛਾਣ ਗੁਰਵਿੰਦਰ ਸਿੰਘ (25), ਵਰਿੰਦਰ ਸਿੰਘ ਉਰਫ਼ ਰਵੀ (23) ਅਤੇ ਜਸਪ੍ਰੀਤ ਸਿੰਘ ਉਰਫ਼ ਪ੍ਰਤਾਪ ਸਿੰਘ (18) ਵਜੋਂ ਹੋਈ ਹੈ, ਜਿਹੜੇ ਸਾਰੇ ਹੀ ਪੰਜਾਬ ਦੇ ਗੁਰਦਾਸਪੁਰ ਦੇ ਰਹਿਣ ਵਾਲੇ ਹਨ। ਇਹ ਮੁਕਾਬਲਾ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਪੀਲੀਭੀਤ ਦੇ ਪੂਰਨਪੁਰ ਖੇਤਰ ਵਿੱਚ ਹੋਇਆ।
ਉੱਤਰ ਪ੍ਰਦੇਸ਼ ਪੁਲੀਸ ਦੇ ਵਧੀਕ ਡਾਇਰੈਕਟਰ ਜਨਰਲ (ਕਾਨੂੰਨ ਅਤੇ ਵਿਵਸਥਾ) ਅਮਿਤਾਭ ਯਸ਼ ਨੇ ਕਿਹਾ ਕਿ ਇਹ ਤਿੰਨੋਂ ਗੁਰਦਾਸਪੁਰ ਵਿੱਚ ਇੱਕ ਪੁਲੀਸ ਚੌਕੀ ‘ਤੇ ਹੋਏ ਗਰਨੇਡ ਹਮਲੇ ਵਿੱਚ ਸ਼ਾਮਲ ਸਨ। ਉਨ੍ਹਾਂ ਕਿਹਾ, “ਮੁਕਾਬਲੇ ਵਿੱਚ ਤਿੰਨਾਂ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਉਨ੍ਹਾਂ ਨੂੰ ਤੁਰੰਤ ਇਲਾਜ ਲਈ ਸੀਐਚਸੀ ਪੂਰਨਪੁਰ ਲਿਜਾਇਆ ਗਿਆ, ਜਿਥੇ ਤਿੰਨਾਂ ਮਸ਼ਕੂਕਾਂ ਨੇ ਬਾਅਦ ਵਿੱਚ ਆਪਣੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਦਿੱਤਾ।’’ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲੋਂ ਦੋ AK-47 ਰਾਈਫਲਾਂ, ਦੋ Glock ਪਿਸਤੌਲ ਅਤੇ ਵੱਡੀ ਮਾਤਰਾ ਵਿੱਚ ਗੋਲਾ-ਬਾਰੂਦ ਬਰਾਮਦ ਹੋਇਆ ਹੈ।
ਪੰਜਾਬ ਪੁਲੀਸ ਮੁਖੀ ਨੇ ਸੋਸ਼ਲ ਮੀਡੀਆ ਪਲੈਟਫਾਰਮ ਐਕਸ ‘X’ ਉਤੇ ਪਾਈ ਇੱਕ ਪੋਸਟ ਵਿੱਚ ਕਿਹਾ, “#ਪਾਕਿਸਤਾਨ-ਪ੍ਰਯੋਜਿਤ ਖ਼ਾਲਿਸਤਾਨ ਜ਼ਿੰਦਾਬਾਦ ਫੋਰਸ (KZF) ਅੱਤਵਾਦੀ ਮਾਡਿਊਲ ਦੇ ਖਿਲਾਫ ਇੱਕ ਵੱਡੀ ਸਫਲਤਾ ਵਿੱਚ ਯੂਪੀ ਪੁਲੀਸ ਅਤੇ ਪੰਜਾਬ ਪੁਲੀਸ ਦੇ ਸਾਂਝੇ ਆਪ੍ਰੇਸ਼ਨ ਦੌਰਾਨ ਪੁਲੀਸ ਪਾਰਟੀ ‘ਤੇ ਗੋਲੀਬਾਰੀ ਕਰਨ ਵਾਲੇ ਤਿੰਨ ਮਾਡਿਊਲ ਮੈਂਬਰਾਂ ਨਾਲ ਮੁਕਾਬਲਾ ਹੋਇਆ ਹੈ।” ਉਨ੍ਹਾਂ ਕਿਹਾ ਕਿ ਇਹ ਅੱਤਵਾਦੀ ਮਾਡਿਊਲ ਪੰਜਾਬ ਦੇ ਸਰਹੱਦੀ ਖੇਤਰਾਂ ਵਿੱਚ ਪੁਲੀਸ ਟਿਕਾਣਿਆਂ ‘ਤੇ ਹੋਏ ਗਰਨੇਡ ਹਮਲਿਆਂ ਵਿੱਚ ਸ਼ਾਮਲ ਸੀ।
ਉਨ੍ਹਾਂ ਆਪਣੀ ਪੋਸਟ ਵਿਚ ਜੋੜੀ ਇਕ ਵੀਡੀਓ ਵਿਚ ਦੱਸਿਆ, “ਇਹ ਮੁਕਾਬਲਾ ਪੀਲੀਭੀਤ ਅਤੇ ਪੰਜਾਬ ਦੀਆਂ ਸਾਂਝੀਆਂ ਪੁਲੀਸ ਟੀਮਾਂ ਵਿਚਕਾਰ ਪੂਰਨਪੁਰ ਪੁਲੀਸ ਥਾਣਾ ਖੇਤਰ, ਪੀਲੀਭੀਤ ਦੇ ਅਧਿਕਾਰ ਖੇਤਰ ਵਿੱਚ ਹੋਇਆ ਹੈ ਅਤੇ ਤਿੰਨ ਮਾਡਿਊਲ ਮੈਂਬਰ #ਗੁਰਦਾਸਪੁਰ ਵਿੱਚ ਇੱਕ ਪੁਲੀਸ ਚੌਕੀ ‘ਤੇ ਗਰਨੇਡ ਹਮਲੇ ਵਿੱਚ ਸ਼ਾਮਲ ਸਨ।’’ ਡੀਜੀਪੀ ਨੇ ਕਿਹਾ ਕਿ ਪੂਰੇ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕਰਨ ਲਈ ਜਾਂਚ ਜਾਰੀ ਹੈ।