ਇਸਲਾਮਾਬਾਦ- ਪਾਕਿਸਤਾਨ ਦਾ ਜ਼ਿਕਰ ਹੋਵੇ ਤੇ ਕੋਈ ਵਿਵਾਦ ਨਾ ਹੋਵੇ, ਅਜਿਹਾ ਹੋ ਨਹੀਂ ਸਕਦਾ। ਨਵਾਂ ਵਿਵਾਦ ਪਾਕਿਸਤਾਨ ਦੇ ਮਿਜ਼ਾਈਲ ਪ੍ਰੋਗਰਾਮ ਨੂੰ ਲੈ ਕੇ ਖੜ੍ਹਾ ਹੋ ਗਿਆ ਹੈ। ਹਾਲ ਹੀ ‘ਚ ਪਾਕਿਸਤਾਨ ਦੇ ਲੰਬੀ ਦੂਰੀ ਦੇ ਬੈਲਿਸਟਿਕ ਮਿਜ਼ਾਈਲ ਪ੍ਰੋਗਰਾਮ ਦੀ ਅਮਰੀਕਾ ਨੇ ਆਲੋਚਨਾ ਕੀਤੀ ਸੀ।
ਅਮਰੀਕਾ ਦੇ ਬਿਆਨ ‘ਤੇ ਹੁਣ ਪਾਕਿਸਤਾਨ ਦਾ ਜਵਾਬ ਆਇਆ ਹੈ। ਪਾਕਿਸਤਾਨ ਨੇ ਅਮਰੀਕਾ ਦੇ ਦਾਅਵਿਆਂ ‘ਤੇ ਇਤਰਾਜ਼ ਜਤਾਇਆ ਤੇ ਉਨ੍ਹਾਂ ਨੂੰ ਰੱਦ ਕਰ ਦਿੱਤਾ ਅਤੇ ਉਨ੍ਹਾਂ ਨੂੰ ਤਰਕਹੀਣ ਦੱਸਿਆ। ਦਰਅਸਲ ਅਮਰੀਕਾ ਨੇ ਕਿਹਾ ਸੀ ਕਿ ਪਾਕਿਸਤਾਨ ਨੇ ਅਜਿਹੀ ਮਿਜ਼ਾਈਲ ਬਣਾਈ ਹੈ, ਜਿਸ ਦੀ ਜੱਦ ‘ਚ ਅਮਰੀਕਾ ਵੀ ਹੋ ਸਕਦਾ ਹੈ।
ਅਮਰੀਕਾ ਦੇ ਦੋਸ਼ਾਂ ਤੋਂ ਬਾਅਦ ਪਾਕਿਸਤਾਨ ਨੇ ਕਿਹਾ ਕਿ ਇਹ ਸਾਰੇ ਬੇਤੁਕੇ ਦੋਸ਼ ਹਨ। ਗੁਆਂਢੀ ਮੁਲਕ ਨੇ ਕਿਹਾ ਕਿ ਇਕ ਵੱਡੇ ਗੈਰ-ਨਾਟੋ ਦੇਸ਼ ਦੇ ਵਿਰੁੱਧ ਅਜਿਹੇ ਦੋਸ਼ ਦੋਵਾਂ ਦੇ ਸਬੰਧਾਂ ਨੂੰ ਵਿਗਾੜ ਸਕਦੇ ਹਨ। ਪਾਕਿਸਤਾਨ ਨੇ ਇਹ ਵੀ ਕਿਹਾ ਕਿ ਅਸੀਂ ਕਦੇ ਵੀ ਅਮਰੀਕਾ ਪ੍ਰਤੀ ਕੋਈ ਮਾੜੀ ਇੱਛਾ ਨਹੀਂ ਰੱਖੀ ਤੇ ਰਿਸ਼ਤੇ ਨੂੰ ਬਣਾਈ ਰੱਖਣ ਲਈ ਕਈ ਵਾਰ ਕੁਰਬਾਨੀਆਂ ਵੀ ਦਿੱਤੀਆਂ ਹਨ। ਅਮਰੀਕੀ ਪਾਲਿਸੀ ਦਾ ਨੁਕਸਾਨ ਵੀ ਝੱਲਿਆ।
ਪਾਕਿਸਤਾਨੀ ਅਖਬਾਰ ਡਾਅਨ ਮੁਤਾਬਕ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੀ ਤਰਜ਼ਮਾਨ ਮੁਮਤਾਜ਼ ਜ਼ਾਹਰਾ ਬਲੋਚ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਮਿਜ਼ਾਈਲ ਸਮਰੱਥਾ ਵਿਕਸਿਤ ਕਰਨਾ ਜਾਰੀ ਰੱਖੇਗਾ। ਇਸ ਦੇ ਨਾਲ ਹੀ ਪਾਕਿਸਤਾਨ ਦੇ ਦਿਲ ਵਿਚ ਭਾਰਤ ਦਾ ਡਰ ਵੀ ਦਿਖਾਈ ਦੇ ਰਿਹਾ ਸੀ। ਬਲੋਚ ਨੇ ਇਸ ਦੌਰਾਨ ਕਿਹਾ ਕਿ ਭਾਰਤ ਵੱਲੋਂ ਪੈਦਾ ਹੋਣ ਵਾਲੇ ਖਤਰਿਆਂ ਦੇ ਮੱਦੇਨਜ਼ਰ ਇਹ ਮਿਜ਼ਾਈਲ ਪ੍ਰੋਗਰਾਮ ਬਹੁਤ ਜ਼ਰੂਰੀ ਹੈ।
ਮੁਮਤਾਜ਼ ਜ਼ਾਹਰਾ ਬਲੋਚ ਨੇ ਅੱਗੇ ਕਿਹਾ ਕਿ ਅਮਰੀਕੀ ਅਧਿਕਾਰੀ ਵੱਲੋਂ ਪਾਕਿਸਤਾਨ ਦੀ ਮਿਜ਼ਾਈਲ ਸਮਰੱਥਾ ਅਤੇ ਡਿਲੀਵਰੀ ਦੇ ਸਾਧਨਾਂ ਲਈ ਕਥਿਤ ਧਮਕੀ ਮੰਦਭਾਗੀ ਹੈ। ਇਹ ਦੋਸ਼ ਬੇਬੁਨਿਆਦ, ਤਰਕਹੀਣ ਹਨ ਤੇ ਇਨ੍ਹਾਂ ਵਿਚ ਇਤਿਹਾਸ ਦੀ ਕੋਈ ਸਮਝ ਨਹੀਂ ਹੈ।
ਅਮਰੀਕਾ ਦੇ ਕੌਮੀ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੌਹਨ ਫਿਨਰ ਨੇ ਹਾਲ ਹੀ ‘ਚ ਕਿਹਾ ਸੀ ਕਿ ਪਾਕਿਸਤਾਨ ਅਮਰੀਕਾ ਸਮੇਤ ਦੱਖਣੀ ਏਸ਼ੀਆ ਤੋਂ ਦੂਰ ਤਕ ਮਾਰ ਕਰਨ ਦੇ ਸਮਰੱਥ ਲੰਬੀ ਦੂਰੀ ਦੀਆਂ ਬੈਲਿਸਟਿਕ ਮਿਜ਼ਾਈਲਾਂ ਦਾ ਵਿਕਾਸ ਕਰ ਰਿਹਾ ਹੈ। ਉਨ੍ਹਾਂ ਕਿਹਾ ਸੀ ਕਿ ਇਸ ਮਿਜ਼ਾਈਲ ਦੀ ਰੇਂਜ ਅਮਰੀਕਾ ਤੱਕ ਹੋ ਸਕਦੀ ਹੈ।
ਬੁਲਾਰੇ ਨੇ ਦੁਹਰਾਇਆ ਕਿ ਪਾਕਿਸਤਾਨ ਦਾ ਰਣਨੀਤਕ ਪ੍ਰੋਗਰਾਮ ਪੂਰੀ ਤਰ੍ਹਾਂ ਨਾਲ ਦੱਖਣੀ ਏਸ਼ੀਆ ‘ਚ ਸ਼ਾਂਤੀ ਅਤੇ ਸਥਿਰਤਾ ਬਣਾਈ ਰੱਖਣ ਲਈ ਤਿਆਰ ਕੀਤਾ ਗਿਆ ਹੈ। ਮੁਮਤਾਜ਼ ਜ਼ਾਹਰਾ ਬਲੋਚ ਨੇ ਕਿਹਾ, “ਪਾਕਿਸਤਾਨ ਦੀਆਂ ਰਣਨੀਤਕ ਸਮਰੱਥਾਵਾਂ ਇਸਦੀ ਪ੍ਰਭੂਸੱਤਾ ਦੀ ਰੱਖਿਆ ਲਈ ਹਨ। ਅਸੀਂ ਭਰੋਸੇਯੋਗ ਘੱਟੋ-ਘੱਟ ਰੋਕਥਾਮ ਬਣਾਈ ਰੱਖਣ ਤੇ ਉੱਭਰ ਰਹੇ ਖਤਰਿਆਂ ਨਾਲ ਨਜਿੱਠਣ ਲਈ ਲੋੜ ਅਨੁਸਾਰ ਸਮਰੱਥਾਵਾਂ ਵਿਕਸਿਤ ਕਰਨ ਦੇ ਆਪਣੇ ਅਧਿਕਾਰ ਨੂੰ ਨਹੀਂ ਛੱਡ ਸਕਦੇ।”