ਭਾਰਤ ਨੂੰ ਮਿਲਿਆ ਅੱਤਵਾਦ ਖ਼ਿਲਾਫ਼ ਕੁਵੈਤ ਦਾ ਸਾਥ

ਨਵੀਂ ਦਿੱਲੀ- ਸਰਹੱਦ ਪਾਰ ਤੋਂ ਅੱਤਵਾਦ ਖ਼ਿਲਾਫ਼ ਖਾੜੀ ਖੇਤਰ ਦਾ ਇਕ ਹੋਰ ਦੇਸ਼ ਭਾਰਤ ਨਾਲ ਆ ਖੜ੍ਹਾ ਹੋਇਆ ਹੈ। ਇਹ ਦੇਸ਼ ਕੁਵੈਤ ਹੈ, ਜਿਸ ਦਾ ਦੋ ਦਿਨਾ ਦੌਰਾ ਖ਼ਤਮ ਕਰ ਕੇ ਪੀਐੱਮ ਨਰਿੰਦਰ ਮੋਦੀ ਐਤਵਾਰ ਦੇਰ ਰਾਤ ਭਾਰਤ ਪਰਤੇ। ਇਸ ਦੌਰਾਨ ਮੋਦੀ ਨੇ ਕੁਵੈਤ ਪ੍ਰਸ਼ਾਸਨ ਦੀਆਂ ਤਿੰਨਾਂ ਸਿਖਰਲੀਆਂ ਸ਼ਖਸੀਅਤਾਂ ਅਮੀਰ ਸ਼ੇਖ ਮੇਸ਼ਾਲ ਅਲ ਅਹਿਦ ਅਲ ਜਬਰ, ਅਲ ਸਬਾ, ਕ੍ਰਾਊਨ ਪ੍ਰਿੰਸ ਸ਼ੇਖ ਸਬਾ ਅਲ-ਖਾਲੀਦ ਤੇ ਤੇ ਪੀਐੱਮ ਸ਼ੇਖ ਅਹਿਮਦ ਅਲ ਅਬਦੁਲਾ ਨਾਲ ਵੱਖ-ਵੱਖ ਮੁਲਾਕਾਤ ਕੀਤੀ। ਇਸ ਤੋਂ ਬਾਅਦ ਜਾਰੀ ਸਾਂਝੇ ਬਿਆਨ ’ਚ ਭਾਰਤ ਤੇ ਕੁਵੈਤ ਨੇ ਸਰਹੱਦ ਪਾਰ ਸਮੇਤ ਹਰ ਤਰ੍ਹਾਂ ਦੇ ਅੱਤਵਾਦ ਦੀ ਨਿੰਦਾ ਕੀਤੀ ਹੈ ਤੇ ਅੱਤਵਾਦੀਆਂ ਦੀਆਂ ਸੁਰੱਖਿਅਤ ਪਨਾਹਗਾਹਾਂ ਤੇ ਉਨ੍ਹਾਂ ਨੂੰ ਵਿੱਤੀ ਮਦਦ ਦੇਣ ਵਾਲੀ ਵਿਵਸਥਾ ਖ਼ਤਮ ਕਰਨ ਦੀ ਮੰਗ ਕੀਤੀ। ਕੁਵੈਤ ਨੇ ਹਰ ਤਰ੍ਹਾਂ ਦੇ ਅੱਤਵਾਦ ਖ਼ਿਲਾਫ਼ ਭਾਰਤ ਨਾਲ ਸਹਿਯੋਗ ਦਾ ਐਲਾਨ ਕੀਤਾ। ਭਾਰਤ ਲਗਾਤਾਰ ਗੁਆਂਢੀ ਦੇਸ਼ ਪਾਕਿਸਤਾਨ ’ਤੇ ਸਰਹੱਦ ਪਾਰ ਤੋਂ ਅੱਤਵਾਦ ਨੂੰ ਬੜ੍ਹਾਵਾ ਦੇਣ ਦਾ ਦੋਸ਼ ਲਗਾਉਂਦਾ ਹੈ ਤੇ ਇਹ ਸਾਂਝਾ ਬਿਆਨ ਪਾਕਿਸਤਾਨ ’ਤੇ ਨਿਸ਼ਾਨਾ ਹੈ। ਅੱਤਵਾਦ ਦੇ ਮੁੱਦੇ ’ਤੇ ਭਾਰਤ ਨੂੰ ਖਾੜੀ ਖੇਤਰ ਦੇ ਸੰਯੁਕਤ ਅਰਬ ਅਮੀਰਾਤ ਤੇ ਸਾਊਦੀ ਅਰਬ ਵਰਗੇ ਦੇਸ਼ਾਂ ਦਾ ਵੀ ਸਮਰਥਨ ਮਿਲਦਾ ਰਿਹਾ ਹੈ।

43 ਸਾਲਾ ਕੁਵੈਤ ਪੁੱਜਣ ਵਾਲੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਬਣੇ ਨਰਿੰਦਰ ਮੋਦੀ ਨੇ ਖਾੜੀ ਦੇਸ਼ ਦੀ ਆਪਣੀ ਯਾਤਰਾ ਦੌਰਾਨ ਚਾਰ ਦਹਾਕਿਆਂ ਦੀ ਭਰਪਾਈ ਕਰਨ ਦੀ ਪੂਰੀ ਕੋਸ਼ਿਸ਼ ਕੀਤੀ। ਐਤਵਾਰ ਨੂੰ ਦੌਰੇ ਦੇ ਦੂਜੇ ਦਿਨ ਮੋਦੀ ਦੀ ਅਮੀਰ ਸ਼ੇਖ ਮੇਸ਼ਾਲ, ਕ੍ਰਾਊਨ ਪ੍ਰਿੰਸ ਤੇ ਉੱਥੋਂ ਦੇ ਪੀਐੱਮ ਨਾਲ ਮੁਲਾਕਾਤਾਂ ਤੋਂ ਬਾਅਦ ਦੱਸਿਆ ਗਿਆ ਕਿ ਕੁਵੈਤ ਖਾੜੀ ਖੇਤਰ ’ਚ ਭਾਰਤ ਦਾ ਇਕ ਰਣਨੀਤਕ ਭਾਈਵਾਲ ਦੇਸ਼ਹੋਵੇਗਾ। ਇਸ ਖੇਤਰ ’ਚ ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ ਵਰਗੇ ਦੇਸ਼ਾਂ ਨਾਲ ਭਾਰਤ ਪਹਿਲਾਂ ਹੀ ਵਿਸ਼ੇਸ਼ ਰਣਨੀਤਕ ਭਾਈਵਾਲੀ ਸਥਾਪਤ ਕਰ ਚੁੱਕਾ ਹੈ। ਇਸ ਦੇ ਨਾਲ ਹੀ ਕੁਵੈਤ ਤੇ ਭਾਰਤ ਵਿਚਕਾਰ ਰੱਖਿਆ ਖੇਤਰ ’ਚ ਸਹਿਯੋਗ ਕਰਨ ਬਾਰੇ ਇਕ ਇਤਿਹਾਸਕ ਸਮਝੌਤਾ ਹੋਇਆ ਹੈ। ਕੁਵੈਤ ਖਾੜੀ ਦੇਸ਼ਾਂ ਦੇ ਸੰਗਠਨ ਜੀਸੀਸੀ ਦਾ ਅਗਲੇ ਮਹੀਨੇ ਪ੍ਰਧਾਨ ਬਣਨ ਜਾ ਰਿਹਾ ਹੈ ਤੇ ਮੰਨਿਆ ਜਾ ਰਿਹਾ ਹੈ ਕਿ ਪੀਐੱਮ ਮੋਦੀ ਦੀ ਇਸ ਯਾਤਰਾ ਤੋਂ ਬਾਅਦ ਜੀਸੀਸੀ ਨਾਲ ਭਾਰਤ ਦੇ ਰਿਸ਼ਤਿਆਂ ’ਚ ਹੋਰ ਮਜ਼ਬੂਤੀ ਆਏਗੀ।

ਕੁਵੈਤ ਪ੍ਰਸ਼ਾਸਨ ’ਚ ਸੱਤਾ ਦੇ ਸਭ ਤੋਂ ਉੱਚੇ ਪੱਧਰ ’ਤੇ ਬੈਠੇ ਮੇਸ਼ਾਲ ਨਾਲ ਪੀਐੱਮ ਮੋਦੀ ਦੀ ਇਹ ਪਹਿਲੀ ਬੈਠਕ ਸੀ ਜਿਹੜੀ ਮਸ਼ਹੂਰ ਬਾਯਾਨ ਮਹਿਲ ’ਚ ਹੋਈ। ਇੱਥੇ ਦੋਵਾਂ ਦੇਸ਼ਾਂ ਵਿਚਕਾਰ ਭਾਰਤ ਤੇ ਕੁਵੈਤ ਦੇ ਮੌਜੂਦਾ ਰਿਸ਼ਤਿਆਂ ਨੂੰ ਰਣਨੀਤਕ ਭਾਈਵਾਲੀ ’ਚ ਬਦਲਣ ਦੀ ਸਹਿਮਤੀ ਬਣੀ। ਕੁਵੈਤ ’ਚ ਰਹਿਣ ਵਾਲੇ 10 ਲੱਖ ਭਾਰਤੀਆਂ ਦੀ ਖ਼ਾਸ ਤੌਰ ’ਤੇ ਦੇਖਭਾਲ ਕਰਨ ਲਈ ਪੀਐੱਮ ਮੋਦੀ ਨੇ ਮੇਸ਼ਾਲ ਦਾ ਧੰਨਵਾਦ ਕੀਤਾ। ਕੁਵੈਤ ਸਰਕਾਰ ਨੇ ਆਪਣੇ ਦੇਸ਼ ਦੀ ਤਰੱਕੀ ਲਈ ਸਾਲ 2035 ਦੀ ਇਕ ਯੋਜਨਾ ਤਿਆਰ ਕੀਤੀ ਹੈ ਤੇ ਇਸ ’ਚ ਭਾਰਤ ਤੋਂ ਹਰ ਤਰ੍ਹਾਂ ਦੀ ਮਦਦ ਮੰਗੀ ਹੈ। ਇਸ ਤੋਂ ਬਾਅਦ ਮੋਦੀ ਦੀ ਕ੍ਰਾਊਨ ਪ੍ਰਿੰਸ ਨਾਲ ਮੁਲਾਕਾਤ ਹੋਈ ਜਿਸ ’ਚ ਦੋਵਾਂ ਦੇਸ਼ਾਂ ਵਿਚਕਾਰ ਸੰਯੁਕਤ ਰਾਸ਼ਟਰ ਵਰਗੀਆਂ ਏਜੰਸੀਆਂ ’ਚ ਕਰੀਬੀ ਸਹਿਯੋਗ ਸਥਾਪਤ ਕਰਨ ਦੀ ਗੱਲ ਹੋਈ।

ਅਖ਼ੀਰ ’ਚ ਮੋਦੀ ਦੀ ਕੁਵੈਤ ਦੇ ਆਪਣੇ ਹਮਰੁਤਵਾ ਅਲ-ਅਬਦੁੱਲਾ ਨਾਲ ਮੁਲਾਕਾਤ ਹੋਈ। ਇਸ ’ਚ ਕਾਰੋਬਾਰ, ਨਿਵੇਸ਼ ਊਰਜਾ, ਸੁਰੱਖਿਆ, ਸਿਹਤ, ਤਕਨੀਕ ਵਰਗੇ ਵਿਸ਼ਿਆਂ ’ਤੇ ਵਿਸਥਾਰ ਨਾਲ ਚਰਚਾ ਹੋਈ। ਮੋਦੀ ਨੇ ਇਸ ਬੈਠਕ ’ਚ ਕੁਵੈਤੀ ਇਨਵੈਸਟਮੈਂਟ ਅਥਾਰਟੀ (ਕੇਆਈਏ) ਨੂੰ ਭਾਰਤ ਦੇ ਰੱਖਿਆ, ਊਰਜਾ, ਫਾਰਮਾ, ਫੂਡ ਪਾਰਕ ਵਰਗੇ ਅਪਾਰ ਸੰਭਾਵਨਾਵਾਂ ਵਾਲੇ ਖੇਤਰਾਂ ’ਚ ਨਿਵੇਸ਼ ਕਰਨ ਲਈ ਸੱਦਾ ਦਿੱਤਾ ਗਿਆ। ਕੇਆਈਏ ਕੋਲ ਨਵੰਬਰ 2024 ਤੱਕ 970 ਅਰਬ ਡਾਲਰ ਦਾ ਫੰਡ ਹੈ। ਇਹ ਦੁਨੀਆ ਦੀ ਪੰਜਵੀ ਸਭ ਤੋਂ ਵੱਡੀ ਫੰਡ ਪ੍ਰਬੰਧਨ ਕੰਮਪਨੀ ਹੈ ਜਿਸ ਨੇ ਅਮਰੀਕਾ ਤੇ ਯੂਰਪ ਦੀਆਂ ਪ੍ਰਮੁੱਖ ਕੰਪਨੀਆਂ ’ਚ ਨਿਵੇਸ਼ ਕੀਤਾ ਹੈ। ਚੇਤੇ ਰਹੇ ਕਿ ਇਸ ਤੋਂ ਪਹਿਲਾਂ ਮੋਦੀ ਨੇ ਯੂਏਈ ਦੀ ਸੋਵਰੇਨ ਫੰਡ ਨੂੰ ਭਾਰਤ ’ਚ ਨਿਵੇਸ਼ ਲਈ ਆਕਰਸ਼ਤ ਕਰਨ ’ਚ ਅਹਿਮ ਭੂਮਿਕਾ ਨਿਭਾਈ ਸੀ। ਸੋਵਰੇਨ ਫੰਡ ਭਾਰਤ ’ਚ 100 ਅਰਬਡ ਡਾਲਰ ਦਾ ਨਿਵੇਸ਼ ਕਰ ਰਹੀ ਹੈ। ਦੋਵਾਂ ਪ੍ਰਧਾਨ ਮੰਤਰੀਆਂ ਨੇ ਦੇ ਸਾਹਮਣੇ ਭਾਰਤ ਤੇ ਕੁਵੈਚ ਵਿਚਕਾਰ ਚਾਰ ਸਮਝੌਤੇ ਹੋਏ। ਇਸ ’ਚ ਸਭ ਤੋਂ ਅਹਿਮ ਰਿਹਾ ਰੱਖਿਆ ਖੇਤਰ ’ਚ ਸਹਿਯੋਗ ਸਥਾਪਤ ਕਰਨ ਵਾਲਾ ਸਮਝੌਤਾ। ਬਾਅਦ ’ਚ ਵਿਦੇਸ਼ ਮੰਤਰਾਲੇ ਵੱਲੋਂ ਦੱਸਿਆ ਗਿਆ ਕਿ ਇਸ ਸਮਝੌਤੇ ਨਾਲ ਸਾਂਝੇ ਫ਼ੌਜੀ ਅਭਿਆਸ ਤੇ ਰੱਖਿਆ ਖੇਤਰ ’ਚ ਸਾਂਝੇ ਅਧਿਐਨ ਤੇ ਵਿਕਾਸ ਦਾ ਰਸਤਾ ਖੁੱਲ੍ਹ ਗਿਆ ਹੈ। ਇਸ ਤਰ੍ਹਾਂ ਭਾਰ ਦੁਨੀਆ ਦੇ ਬਹੁਤ ਗਿਣੇ-ਚੁਣੇ ਦੇਸ਼ਾਂ ’ਚ ਹੈ ਜਿਨ੍ਹਾਂ ਦਾ ਖਾੜੀ ਖੇਤਰ ਦੇ ਕਈ ਦੇਸ਼ਾਂ ਨਾਲ ਰੱਖਿਆ ਸਬੰਧ ਹਨ ਤੇ ਇਨ੍ਹਾਂ ਨਾਲ ਮਿਲ ਕੇ ਭਾਰਤ ਵੱਖ-ਵੱਖ ਖੇਤਰਾਂ ’ਚ ਸਹਿਯੋਗ ਸਥਾਪਤ ਕਰ ਰਿਹਾ ਹੈ। ਪੀਐੱਮ ਮੋਦੀ ਨੇ ਉਕਤ ਤਿੰਨਾਂ ਨੇਤਾਵਾਂ ਨੂੰ ਭਾਰਤ ਆਉਣ ਲਈ ਸੱਦਾ ਦਿੱਤਾ ਹੈ।

ਮੋਦੀ ਨੂੰ ਕੁਵੈਤ ਸਰਕਾਰ ਨੇ ਦਿੱਤਾ ਸਰਬੋਤਮ ਨਾਗਿਰਕ ਸਨਮਾਨ

ਕੁਵੈਤ ਸਰਕਾਰ ਨੇ ਪੀਐੱਮ ਮੋਦੀ ਨੂੰ ਕੁਵੈਤ ਦੇ ਸਭ ਤੋਂ ਵੱਡੇ ਨਾਗਰਿਕ ਸਨਮਾਨ ਦਿ ਆਰਡਰ ਆਫ ਮੁਬਾਰਕ ਅਲ-ਕਬੀਰ ਨਾਲ ਸਨਮਾਨਤ ਕੀਤਾ ਹੈ। ਕੁਵੈਤ ਦੇ ਸੱਤਵੇਂ ਸ਼ਾਸਕ ਦੇ ਨਾਂ ’ਤੇ ਦਿੱਤਾ ਜਾਣ ਵਾਲਾ ਇਹ ਪੁਰਸਕਾਰ ਕੁਵੈਤ ਸਰਕਾਰ ਬਹੁਤ ਵੱਕਾਰੀ ਨੇਤਾਵਾਂ ਨੂੰ ਹੀ ਦਿੰਦੀ ਹੈ। ਇਸ ਪੁਰਸਕਾਰ ਦੇ ਨਾਲ ਹੀ ਮੋਦੀ ਦੁਨੀਆ ਦੇ 20 ਦੇਸ਼ਾਂ ਤੋਂ ਰਾਸ਼ਟਰੀ ਸਨਮਾਨ ਹਾਸਲ ਕਰਨ ਵਾਲੇ ਨੇਤਾ ਬਣ ਗਏ ਹਨ। ਮੋਦੀ ਇਸ ਤੋਂ ਪਹਿਲਾਂ ਰੂਸ, ਅਮਰੀਕਾ, ਫਰਾਂਸ, ਗੁਆਨਾ, ਡੋਮਿਨਿਕਾ, ਨਾਈਜੀਰੀਆ, ਸਾਊਦੀ ਅਰਬ, ਅਫ਼ਗਾਨਿਸਤਾਨ, ਫਲਸਤੀਨ, ਯੂਏਈ, ਮਾਲਦੀਵ, ਬਹਿਰੀਨ, ਭੂਟਾਨ, ਪਾਪੁਆ ਨਿਊ ਗਿਨੀ, ਮਿਸਰ ਗ੍ਰੀਸ, ਪਲਾਊ, ਫਿਜੀ, ਬਾਰਬਾਡੋਸ ਵੱਲੋਂ ਸਨਮਾਨਿਤ ਕੀਤਾ ਜਾ ਚੁੱਕਾ ਹੈ। ਮੋਦੀ ਨੇ ਐਕਸ ’ਤੇ ਲਿਖਿਆ ਕੁਵੈਤ ਦੇ ਅਮੀਰ ਸ਼ੇਖ ਮੇਸ਼ਾਲ ਤੋਂ ਦਿ ਆਰਡਰ ਆਫ ਮੁਬਾਰਕ ਅਲ ਕਬੀਰ ਪੁਰਸਕਾਰ ਮਿਲਣਾ ਸਨਮਾਨ ਦੀ ਗੱਲ ਹੈ। ਮੈਂ ਇਸ ਸਨਮਾਨ ਨੂੰ ਭਾਰਤ ਦੀ ਜਨਤਾ ਤੇ ਭਾਰਤ ਤੇ ਕੁਵੈਤ ਦੀ ਮਜ਼ਬੂਤ ਦੋਸਤੀ ਨੂੰ ਸਮਰਪਿਤ ਕਰਦਾ ਹਾਂ। ਜ਼ਿਕਰਯੋਗ ਹੈ ਕਿ ਇਹ ਪੁਰਸਕਾਰ ਪਹਿਲਾਂ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ, ਜਾਰਜ ਬੁਸ਼ ਤੇ ਪ੍ਰਿੰਸ ਚਾਰਲਸ ਵਰਗੀਆਂ ਸ਼ਖ਼ਸੀਅਤਾਂ ਨੂੰ ਦਿੱਤਾ ਗਿਆ ਹੈ।