ਵਿਵੇਕ ਦੀ ਅਹਿਮੀਅਤ ਨੂੰ ਸਮਝਣ ਦੀ ਜ਼ਰੂਰਤ

ਇਸ ਭੌਤਿਕ ਸੰਸਾਰ ਵਿਚ ਰਹਿ ਕੇ ਜੀਵਨ-ਜਗਤ ਦੀ ਸੁਭਾਵਿਕਤਾ ਕਾਰਨ ਜੋ ਵਿਚਾਰ ਅਤੇ ਸੰਕਲਪ ਮਨੁੱਖ ਬਣਾਉਂਦਾ ਹੈ, ਪੁਰਸ਼ਾਰਥ ਕਰਨ ’ਤੇ ਉਹ ਭੌਤਿਕ ਵਸਤਾਂ ਦੇ ਰੂਪ ਵਿਚ ਇਨ੍ਹਾਂ ਨੂੰ ਪ੍ਰਾਪਤ ਕਰ ਸਕਦਾ ਹੈ। ਜੇ ਅਸੀਂ ਡੂੰਘਾਈ ਨਾਲ ਵਿਚਾਰ ਕਰੀਏ ਤਾਂ ਇਹ ਭੌਤਿਕ ਉਪਲਬਧੀਆਂ ਮਨੁੱਖੀ ਜੀਵਨ ਵਿਚ ਸਥਾਈ ਸ਼ਾਂਤੀ ਪ੍ਰਦਾਨ ਨਹੀਂ ਕਰ ਸਕਦੀਆਂ।

ਮਨੁੱਖ ਦੀ ਸੁਭਾਵਿਕ ਵਿਚਾਰ ਚੇਤਨਾ ਭੌਤਿਕਤਾਵਾਦੀ ਹੁੰਦੀ ਹੈ। ਉਹ ਜਿਸ ਸਮਾਜ ਵਿਚ ਰਹਿੰਦਾ ਹੈ, ਉਸ ਦੇ ਵਾਤਾਵਰਨ ਦਾ ਪ੍ਰਭਾਵ ਉਸ ’ਤੇ ਜ਼ਰੂਰ ਪੈਂਦਾ ਹੈ। ਆਪਣੇ ਜੀਵਨ ਦੀਆਂ ਜ਼ਰੂਰਤਾਂ ਦੀ ਪੂਰਤੀ ਲਈ ਉਹ ਜੋ ਸੰਘਰਸ਼ ਕਰਦਾ ਹੈ, ਉਸ ਦਾ ਅਸਰ ਉਸ ਦੇ ਦਿਲੋ-ਦਿਮਾਗ ’ਤੇ ਪੈਂਦਾ ਹੀ ਹੈ।

ਇਸ ਭੌਤਿਕ ਸੰਸਾਰ ਵਿਚ ਰਹਿ ਕੇ ਜੀਵਨ-ਜਗਤ ਦੀ ਸੁਭਾਵਿਕਤਾ ਕਾਰਨ ਜੋ ਵਿਚਾਰ ਅਤੇ ਸੰਕਲਪ ਮਨੁੱਖ ਬਣਾਉਂਦਾ ਹੈ, ਪੁਰਸ਼ਾਰਥ ਕਰਨ ’ਤੇ ਉਹ ਭੌਤਿਕ ਵਸਤਾਂ ਦੇ ਰੂਪ ਵਿਚ ਇਨ੍ਹਾਂ ਨੂੰ ਪ੍ਰਾਪਤ ਕਰ ਸਕਦਾ ਹੈ। ਜੇ ਅਸੀਂ ਡੂੰਘਾਈ ਨਾਲ ਵਿਚਾਰ ਕਰੀਏ ਤਾਂ ਇਹ ਭੌਤਿਕ ਉਪਲਬਧੀਆਂ ਮਨੁੱਖੀ ਜੀਵਨ ਵਿਚ ਸਥਾਈ ਸ਼ਾਂਤੀ ਪ੍ਰਦਾਨ ਨਹੀਂ ਕਰ ਸਕਦੀਆਂ। ਵਿਵੇਕ ਦੀ ਘਾਟ ਕਾਰਨ ਅਸੀਂ ਇਨ੍ਹਾਂ ਨੂੰ ਸੁੱਖ ਮੰਨ ਲੈਂਦੇ ਹਾਂ ਅਤੇ ਆਨੰਦ ਦਾ ਸਾਧਨ ਵੀ। ਅਸਲ ਵਿਚ ਆਨੰਦਮਈ ਸ਼ਾਂਤੀ ਦੀ ਪ੍ਰਾਪਤੀ ਲਈ ਵਿਵੇਕ ਦਾ ਹੋਣਾ ਜ਼ਰੂਰੀ ਹੈ। ਜੀਵਨ ਦੀ ਯਥਾਰਥ ਦ੍ਰਿਸ਼ਟੀ ਵਿਵੇਕ ਨਾਲ ਹੀ ਪ੍ਰਾਪਤ ਹੋ ਸਕਦੀ ਹੈ।

ਫ਼ਰਜ਼ ਅਤੇ ਗ਼ੈਰ-ਫ਼ਰਜ਼ ਦਾ ਫ਼ਰਕ ਵਿਵੇਕ ਨਾਲ ਹੀ ਪ੍ਰਾਪਤ ਹੋ ਸਕਦਾ ਹੈ। ਗੋਸਵਾਮੀ ਤੁਲਸੀਦਾਸ ਜੀ ਕਹਿੰਦੇ ਹਨ ਕਿ ਇਹ ਵਿਵੇਕ ਸਤਿਸੰਗ ਤੋਂ ਪ੍ਰਾਪਤ ਹੁੰਦਾ ਹੈ। ਗੀਤਾ ਵਿਚ ਵੀ ਵਰਣਨ ਹੈ ਕਿ ਫ਼ਰਜ਼ ਤੋਂ ਮੂੰਹ ਮੋੜ ਕੇ ਬੈਠੇ ਮਹਾਰਥੀ ਅਰਜੁਨ ਬੇਯਕੀਨੀ ਵਾਲੀ ਹਾਲਤ ’ਚੋਂ ਖ਼ੁਦ ਨੂੰ ਬਾਹਰ ਕੱਢਣ ਲਈ ਆਪਣੇ ਪੂਜਨੀਕ ਭਗਵਾਨ ਸ੍ਰੀਕ੍ਰਿਸ਼ਨ ਨੂੰ ਵਿਵੇਕ ਦੀ ਪ੍ਰਾਰਥਨਾ ਕਰਦੇ ਹਨ। ਭਗਵਾਨ ਸ੍ਰੀਕ੍ਰਿਸ਼ਨ ਦੇ ਉਪਦੇਸ਼ ਤੋਂ ਬਾਅਦ ਉਸ ਵਿਚ ਵਿਵੇਕ ਅਰਥਾਤ ਹਕੀਕੀ ਗਿਆਨ ਜਾਗਰਿਤ ਹੋ ਜਾਂਦਾ ਹੈ। ਉਲਟ ਹਾਲਾਤ ਦੌਰਾਨ ਉਸ ਨੂੰ ਅਨੁਕੂਲ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਜਿਸ ਨਾਲ ਭਰਮ ਵਾਲੀ ਸਥਿਤੀ ਸਮਾਪਤ ਹੋ ਜਾਂਦੀ ਹੈ। ਆਮ ਤੌਰ ’ਤੇ ਵਿਵੇਕ ਦੀ ਹਕੀਕੀ ਪਰਿਭਾਸ਼ਾ ਹੀ ਇਹ ਹੈ ਕਿ ਮੋਹ ਤੋਂ ਪੈਦਾ ਹੋਏ ਭਰਮ ਦਾ ਨਾਸ ਹੋ ਜਾਵੇ ਅਤੇ ਹਕੀਕੀ ਗਿਆਨ ਦੀ ਪ੍ਰਾਪਤੀ ਹੋਵੇ। ਇਹੀ ਆਤਮ-ਗਿਆਨ ਹੈ। ਇਸ ਨੂੰ ਹੀ ਅਸੀਂ ਈਸ਼ਵਰ ਦਾ ਗਿਆਨ ਕਹਿ ਸਕਦੇ ਹਾਂ। ਇਹ ਬੋਧ ਮਨੁੱਖ ਨੂੰ ਮਾਨਸਿਕ ਚਿੰਤਾਵਾਂ ਤੋਂ ਮੁਕਤ ਕਰ ਕੇ ਆਨੰਦਮਈ ਜੀਵਨ ਪ੍ਰਦਾਨ ਕਰਦਾ ਹੈ। ਜਿਸ ਤਰ੍ਹਾਂ ਤੈਰਨ ਦੀ ਕਲਾ ਵਿਚ ਮਾਹਿਰ ਵਿਅਕਤੀ ਡੁੱਬਦੀ ਹੋਈ ਕਿਸ਼ਤੀ ਤੋਂ ਛਾਲ ਮਾਰ ਕੇ ਆਸਾਨੀ ਨਾਲ ਤੈਰ ਕੇ ਆਪਣੇ ਪ੍ਰਾਣਾਂ ਦੀ ਰੱਖਿਆ ਕਰ ਸਕਦਾ ਹੈ, ਠੀਕ ਇਸੇ ਤਰ੍ਹਾਂ ਵਿਵੇਕ ਨਾਲ ਭਰਪੂਰ ਵਿਅਕਤੀ ਇਸ ਦੁੱਖਮਈ ਸੰਸਾਰ ਰੂਪੀ ਸਾਗਰ ਨੂੰ ਵਿਵੇਕ ਦੀ ਸਹਾਇਤਾ ਨਾਲ ਤੈਰ ਕੇ ਪਾਰ ਕਰ ਸਕਦਾ ਹੈ।