ਕਪੂਰਥਲਾ-ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਤੇ ਉਨ੍ਹਾਂ ਦੀ ਪਤਨੀ ਅਨੀਤਾ ਕਟਾਰੀਆ ਵਲੋਂ ਅੱਜ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਤੇ ਰੇਲ ਕੋਚ ਫੈਕਟਰੀ ਦਾ ਦੌਰਾ ਕੀਤਾ ਗਿਆ, ਜਿਨ੍ਹਾਂ ਦਾ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਤੇ ਐੱਸਐੱਸਪੀ ਗੌਰਵ ਤੂਰਾ ਵਲੋਂ ਸਵਾਗਤ ਕੀਤਾ ਗਿਆ।
ਸਾਇੰਸ ਸਿਟੀ ਦੇ ਦੌਰੇ ਦੌਰਾਨ ਕਟਾਰੀਆ ਵਲੋਂ ਈਕੋ ਸ਼ੋਅ, ਥ੍ਰੀ ਡੀ ਸ਼ੋਅ, ਲਾਇਫ ਥਰੂ ਏਜਿਜ਼ ਸ਼ੋਅ ਵੇਖੇ ਗਏ। ਇਸ ਮੌਕੇ ਕਟਾਰੀਆ ਨੇ ਸਾਇੰਸ ਸਿਟੀ ਵਲੋਂ ਸਮਾਜ ’ਚ ਵਿਗਿਆਨਕ ਨਜ਼ਰੀਆ ਪੈਦਾ ਕਰਨ ’ਚ ਨਿਭਾਈ ਜਾ ਰਹੀ ਭੂਮਿਕਾ ਦੀ ਸ਼ਲਾਘਾ ਕਰਦਿਆਂ ਅਜਿਹੀਆਂ ਹੋਰ ਸੰਸਥਾਵਾਂ ਦੀ ਸਥਾਪਨਾ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਲਗਪਗ 20 ਸਾਲਾਂ ਦੌਰਾਨ ਇਸ ਸੰਸਥਾ ਵਲੋਂ ਜਿਸ ਤਰੀਕੇ ਨਾਲ ਧਰਤੀ, ਬ੍ਰਹਿਮੰਡ ਤੇ ਹੋਰ ਕੁਦਰਤੀ ਰਹੱਸਾਂ ਤੋਂ ਪਰਦਾ ਚੁੱਕਿਆ ਗਿਆ ਹੈ, ਉਸ ਨੇ ਮਨੁੱਖ ਲਈ ਕੁਦਰਤ ਨੂੰ ਨੇੜਿਓਂ ਜਾਣਨ ਦਾ ਰਾਹ ਖੋਲ੍ਹਿਆ ਹੈ।
ਉਨ੍ਹਾਂ ਸਾਇੰਸ ਸਿਟੀ ਵਿੱਚ ਵੱਧ ਤੋਂ ਵੱਧ ਵਿਦਿਆਰਥੀਆਂ ਦੇ ਦੌਰੇ ਯਕੀਨੀ ਬਣਾਉਣ ਦੀ ਵਕਾਲਤ ਕਰਦਿਆਂ ਕਿਹਾ ਕਿ ਸਾਇੰਸ ਸਿਟੀ ਰਾਹੀਂ ਭਾਰਤ ਦੇ ਵੱਕਾਰੀ ਪੁਲਾੜ ਪ੍ਰਾਜੈਕਟ ਚੰਦਰਯਾਨ, ਗਗਨਯਾਨ ਬਾਰੇ ਵਿਦਿਆਰਥੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਸਾਇੰਸ ਸਿਟੀ ਦੇ ਡਾਇਰੈਕਟਰ ਜਨਰਲ ਡਾ. ਮੁਨੀਸ਼ ਕੁਮਾਰ ਨੇ ਰਾਜਪਾਲ ਨੂੰ ਸਾਇੰਸ ਸਿਟੀ ਬਾਰੇ ਜਾਣਕਾਰੀ ਦਿੱਤੀ।
ਇਸ ਤੋਂ ਪਹਿਲਾਂ ਰੇਲ ਕੋਚ ਫੈਕਟਰੀ ਦੇ ਦੌਰੇ ਦੌਰਾਨ ਕਟਾਰੀਆ ਵਲੋਂ ਸ਼ੈੱਲ ਡਿਵੀਜ਼ਨ ਵਿਚ ਰੇਲ ਡੱਬਿਆਂ ਦੇ ਨਿਰਮਾਣ ਦਾ ਜਾਇਜ਼ਾ ਲਿਆ ਗਿਆ।
ਇਸ ਤੋਂ ਪਹਿਲਾਂ ਰੇਲ ਕੋਚ ਫੈਕਟਰੀ ਰੈੱਸਟ ਹਾਊਸ ਪੁੱਜਣ ’ਤੇ ਪੰਜਾਬ ਪੁਲੀਸ ਦੀ ਟੁਕੜੀ ਵਲੋਂ ਕਟਾਰੀਆ ਨੂੰ ਗਾਰਡ ਆਫ਼ ਆਨਰ ਦਿੱਤਾ ਗਿਆ। ਰੇਲ ਕੋਚ ਫੈਕਟਰੀ ਦੇ ਜਨਰਲ ਮੈਨੇਜਰ ਐਸ.ਐਸ.ਮਿਸ਼ਰਾ ਵਲੋਂ ਰਾਜਪਾਲ ਨੂੰ ਰੇਲ ਕੋਚ ਫੈਕਟਰੀ ਵਲੋਂ ਰੇਲ ਡੱਬਿਆਂ ਦੇ ਉਤਪਾਦਨ ਅਤੇ ਦੂਜੇ ਦੇਸ਼ਾਂ ਨੂੰ ਰੇਲ ਡੱਬੇ ਸਪਲਾਈ ਕਰਨ ਬਾਰੇ ਜਾਣੂੰ ਕਰਵਾਇਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵ) ਵਰਿੰਦਰਪਾਲ ਸਿੰਘ ਬਾਜਵਾ, ਵਧੀਕ ਡਿਪਟੀ ਕਮਿਸ਼ਨਰ (ਜ) ਨਵਨੀਤ ਕੌਰ ਬੱਲ, ਨਗਰ ਨਿਗਮ ਕਮਿਸ਼ਨਰ ਅਨੁਪਮ ਕਲੇਰ, ਐਸ.ਪੀ. ਸਰਬਜੀਤ ਰਾਏ, ਐੱਸਪੀ ਗੁਰਪ੍ਰੀਤ ਸਿੰਘ, ਐੱਸਡੀਐੱਮ ਮੇਜਰ ਇਰਵਿਨ ਕੌਰ, ਸਹਾਇਕ ਕਮਿਸ਼ਨਰ ਕਪਿਲ ਜਿੰਦਲ ਹਾਜ਼ਰ ਸਨ।